ਪੰਜਾਬ ''ਚ ਮੇਰੇ ਪਰਿਵਾਰ ਨਾਲ ਜੋ ਕੁਝ ਹੋਇਆ, ਉਹ ਭਿਆਨਕ ਹੈ, ਜਵਾਬ ਜਾਣਨ ਦਾ ਹੱਕਦਾਰ ਹਾਂ : ਰੈਨਾ

Wednesday, Sep 02, 2020 - 02:37 AM (IST)

ਪੰਜਾਬ ''ਚ ਮੇਰੇ ਪਰਿਵਾਰ ਨਾਲ ਜੋ ਕੁਝ ਹੋਇਆ, ਉਹ ਭਿਆਨਕ ਹੈ, ਜਵਾਬ ਜਾਣਨ ਦਾ ਹੱਕਦਾਰ ਹਾਂ : ਰੈਨਾ

ਨਵੀਂ ਦਿੱਲੀ– ਸਾਬਕਾ ਭਾਰਤੀ ਕ੍ਰਿਕਟਰ ਸੁਰੇਸ਼ ਰੈਨਾ ਨੇ ਪੰਜਾਬ ਵਿਚ ਆਪਣੀ ਭੂਆ ਦੇ ਪਰਿਵਾਰ 'ਤੇ ਹਮਲੇ ਦੀ ਜਾਂਚ ਦੀ ਮੰਗ ਕਰਦੇ ਹੋਏ ਮੰਗਲਵਾਰ ਨੂੰ ਖੁਲਾਸਾ ਕੀਤਾ ਕਿ ਉਸ ਦੇ ਫੁੱਫੜ ਤੋਂ ਬਾਅਦ ਹੁਣ ਉਸਦੀ ਭੂਆ ਦੇ ਲੜਕੇ ਦੀ ਵੀ ਮੌਤ ਹੋ ਗਈ ਹੈ। ਇਹ 33 ਸਾਲਾ ਖਿਡਾਰੀ ਨਿੱਜੀ ਕਾਰਣਾਂ ਤੋਂ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚੋਂ ਬਾਹਰ ਹੋਣ ਤੋਂ ਬਾਅਦ ਪਿਛਲੇ ਹਫਤੇ ਵਤਨ ਪਰਤ ਆਇਆ ਸੀ। ਆਈ. ਪੀ. ਐੱਲ.-19 ਸਤੰਬਰ ਤੋਂ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਖੇਡਿਆ ਜਾਵੇਗਾ। ਰੈਨਾ ਨੇ ਟਵਿਟਰ 'ਤੇ ਦਿੱਤੇ ਗਏ ਆਪਣੇ ਬਿਆਨ ਵਿਚ ਹਾਲਾਂਕਿ ਇਹ ਨਹੀਂ ਦੱਸਿਆ ਕਿ ਉਸਦਾ ਆਈ. ਪੀ. ਐੱਲ. ਤੋਂ ਵਰਤ ਪਰਤਣ ਦਾ ਕਾਰਣ ਇਹ ਹਮਲਾ ਸੀ। ਪਠਾਨਕੋਟ ਵਿਚ ਉਸਦੀ ਭੂਆ ਦੇ ਪਰਿਵਾਰ 'ਤੇ ਹਮਲਾ ਲੁੱਟ ਦਾ ਮਾਮਲਾ ਮੰਨਿਆ ਜਾ ਰਿਹਾ ਹੈ।
ਉਸ ਨੇ ਕਿਹਾ,''ਪੰਜਾਬ ਵਿਚ ਮੇਰੇ ਪਰਿਵਾਰ ਨਾਲ ਜੋ ਹੋਇਆ, ਉਹ ਭਿਆਨਕ ਹੈ। ਮੇਰੇ ਫੁੱਫੜ ਦੀ ਹੱਤਿਆ ਕਰ ਦਿੱਤੀ ਗਈ ਹੈ, ਮੇਰੀ ਭੂਆ ਤੇ ਦੋਵੇਂ ਭਰਾ (ਭੂਆ ਦੇ ਬੇਟਿਆਂ) ਨੂੰ ਗੰਭੀਰ ਰੂਪ ਨਾਲ ਜ਼ਖ਼ਮੀ ਕਰ ਦਿੱਤਾ ਗਿਆ ਹੈ। ਬਦਕਿਸਮਤੀ ਨਾਲ ਮੇਰਾ ਭਰਾ ਵੀ ਕਈ ਦਿਨਾਂ ਤਕ ਜ਼ਿੰਦਗੀ ਤੇ ਮੌਤ ਨਾਲ ਜੂਝਣ ਤੋਂ ਬਾਅਦ ਚੱਲ ਵਸਿਆ ਹੈ। ਮੇਰੀ ਭੂਆ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ ਤੇ ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ।'' ਰੈਨਾ ਦੇ ਪਰਿਵਾਰ 'ਤੇ ਪੰਜਾਬ ਦੇ ਪਠਾਨਕੋਟ ਜ਼ਿਲੇ ਦੇ ਥਰਿਆਲ ਪਿੰਡ ਵਿਚ 19 ਤੇ 20 ਅਗਸਤ ਦੀ ਰਾਤ ਨੂੰ ਹਮਲਾ ਕੀਤਾ ਗਿਆ ਸੀ। ਉਸ ਦੇ ਫੁੱਫੜ ਦੀ ਕੁਝ ਦਿਨਾਂ ਬਾਅਦ ਮੌਤ ਹੋ ਗਈ ਸੀ। ਰੈਨਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟੈਗ ਕਰਦੇ ਹੋਏ ਲਿਖਿਆ,''ਅਜੇ ਤਕ ਸਾਨੂੰ ਪਤਾ ਨਹੀਂ ਕਿ ਉਸ ਰਾਤ ਕੀ ਹੋਇਆ ਸੀ ਤੇ ਕਿਸ ਨੇ ਅਜਿਹਾ ਕੀਤਾ ਸੀ। ਮੈਂ ਪੰਜਾਬ ਪੁਲਸ ਤੋਂ ਇਸ ਮਾਮਲੇ 'ਤੇ ਧਿਆਨ ਦੇਣ ਦੀ ਅਪੀਲ ਕਰਦਾ ਹਾਂ। ਅਸੀਂ ਘੱਟ ਤੋਂ ਘੱਟ ਇਹ ਜਾਨਣ ਦੇ ਹੱਕਦਾਰ ਤਾਂ ਹਾਂ ਕਿ ਉਨ੍ਹਾਂ ਨਾਲ ਘਿਨੌਣਾ ਕੰਮ ਕਿਸ ਨੇ ਕੀਤਾ ਹੈ। ਇਨ੍ਹਾਂ ਅਪਰਾਧੀਆਂ ਨੂੰ ਅਪਰਾਧ ਕਰਨ ਲਈ ਬਖਸ਼ਿਆ ਨਹੀਂ ਜਾਣਾ ਚਾਹੀਦਾ।''
ਰੈਨਾ ਨੇ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਨਾਲ ਹੀ 15 ਅਗਸਤ ਨੂੰ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਰੈਨਾ ਜਦੋਂ ਆਈ. ਪੀ. ਐੱਲ. ਤੋਂ ਬਾਹਰ ਹੋਇਆ ਤਾਂ ਤਦ ਤੋਂ ਇਸਦੇ ਸੰਭਾਵਿਤ ਕਾਰਣਾਂ ਨੂੰ ਲੈ ਕੇ ਅਟਕਲਬਾਜ਼ੀਆਂ ਸ਼ੁਰੂ ਹੋ ਗਈਆਂ ਸਨ। ਉਸਦੀ ਫ੍ਰੈਂਚਾਈਜ਼ੀ ਚੇਨਈ ਸੁਪਰ ਕਿੰਗਜ਼ ਦੇ ਮਾਲਕ ਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦਾ ਸਾਬਕਾ ਮੁਖੀ ਐੱਨ. ਸ਼੍ਰੀਨਿਵਾਸਨ ਆਪਣੇ ਪਹਿਲੇ ਬਿਆਨ ਵਿਚ ਬੱਲੇਬਾਜ਼ ਦੇ ਰਵੱਈਏ ਤੋਂ ਨਾਰਾਜ਼ ਲੱਗ ਰਿਹਾ ਸੀ ਪਰ ਬਾਅਦ ਵਿਚ ਉਸ ਨੇ ਕਿਹਾ ਕਿ ਟੀਮ ਇਸ ਬੱਲੇਬਾਜ਼ ਦਾ ਸਾਥ ਦੇਵੇਗੀ। ਰੈਨਾ ਨੇ ਭਾਰਤ ਵਲੋਂ 18 ਟੈਸਟ, 226 ਵਨ ਡੇ ਤੇ 78 ਟੀ-20 ਕੌਮਾਂਤਰੀ ਮੈਚ ਖੇਡੇ ਹਨ।


author

Gurdeep Singh

Content Editor

Related News