ਹਾਕੀ ਵਿਸ਼ਵ ਕੱਪ ''ਚ ਸੋਨ ਤਮਗਾ ਜਿੱਤਣ ’ਤੇ ਹਰ ਹਾਕੀ ਖਿਡਾਰੀ ਨੂੰ ਮਿਲਣਗੇ 25 ਲੱਖ ਰੁਪਏ

12/29/2022 5:03:10 PM

ਨਵੀਂ ਦਿੱਲੀ– ਹਾਕੀ ਇੰਡੀਆ ਨੇ ਭੁਵਨੇਸ਼ਵਰ ਤੇ ਰਾਓਰਕੇਲਾ ਵਿਚ ਅਗਲੇ ਮਹੀਨੇ ਹੋਣ ਵਾਲੇ ਐੱਫ. ਆਈ. ਐੱਚ. ਪੁਰਸ਼ ਹਾਕੀ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਤੇ ਸਹਿਯੋਗੀ ਸਟਾਫ ਦੀ ਹੌਸਲਾਅਫਜ਼ਾਈ ਲਈ ਨਕਦ ਇਨਾਮਾਂ ਦਾ ਐਲਾਨ ਕੀਤਾ ਹੈ। ਭਾਰਤੀ ਟੀਮ ਸਪੇਨ ਵਿਰੁੱਧ 13 ਜਨਵਰੀ ਨੂੰ ਪਹਿਲਾ ਮੈਚ ਖੇਡੇਗੀ। ਹਾਕੀ ਇੰਡੀਆ ਨੇ ਸੋਨ ਤਮਗਾ ਜਿੱਤਣ ’ਤੇ ਟੀਮ ਦੇ ਹਰ ਮੈਂਬਰ ਨੂੰ 25 ਲੱਖ ਰੁਪਏ ਤੇ ਸਹਿਯੋਗੀ ਸਟਾਫ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਉੱਥੇ ਹੀ, ਚਾਂਦੀ ਤਮਗਾ ਜਿੱਤਣ ’ਤੇ ਖਿਡਾਰੀਆਂ ਨੂੰ 15-15 ਲੱਖ ਰੁਪਏ ਤੇ ਸਹਿਯੋਗੀ ਸਟਾਫ ਨੂੰ 3 ਲੱਖ ਰੁਪਏ ਦਿੱਤੇ ਜਾਣਗੇ। ਕਾਂਸੀ ਤਮਗਾ ਜਿੱਤਣ ’ਤੇ ਖਿਡਾਰੀਆਂ ਨੂੰ 10-10 ਲੱਖ ਰੁਪਏ ਤੇ ਸਹਿਯੋਗੀ ਸਟਾਫ ਨੂੰ 2-2 ਲੱਖ ਰੁਪਏ ਮਿਲਣਗੇ। ਹਾਕੀ ਇੰਡੀਆ ਦੇ ਕਾਰਜਕਾਰੀ ਬੋਰਡ ਨੇ 24 ਦਸੰਬਰ ਨੂੰ ਆਨਲਾਈਨ ਮੀਟਿੰਗ ਵਿਚ ਇਹ ਫੈਸਲਾ ਕੀਤਾ।

ਹਾਕੀ ਇੰਡੀਆ ਦੇ ਮੁਖੀ ਦਿਲੀਪ ਟਿਰਕੀ ਨੇ ਇਕ ਬਿਆਨ ਵਿਚ ਕਿਹਾ, ‘‘ਸੀਨੀਅਰ ਪੁਰਸ਼ ਵਿਸ਼ਵ ਕੱਪ ਵਿਚ ਤਮਗਾ ਜਿੱਤਣਾ ਆਸਾਨ ਨਹੀਂ ਹੈ। ਸਾਨੂੰ ਉਮੀਦ ਹੈ ਕਿ ਇਸ ਐਲਾਨ ਨਾਲ ਭਾਰਤੀ ਟੀਮ ਦਾ ਮਨੋਬਲ ਵਧੇਗਾ। ਭਾਰਤ ਨੇ ਆਖਰੀ ਵਾਰ 1975 ਵਿਚ ਵਿਸ਼ਵ ਕੱਪ ਵਿਚ ਸੋਨ ਤਮਗਾ ਜਿੱਤਿਆ ਸੀ। ਭਾਰਤ 1971 ਵਿਚ ਕਾਂਸੀ ਤੇ 1973 ਵਿਚ ਚਾਂਦੀ ਤਮਗਾ ਜਿੱਤ ਚੁੱਕਾ ਹੈ। ਭਾਰਤੀ ਟੀਮ ਪੂਲ-ਡੀ ਵਿਚ ਇੰਗਲੈਂਡ, ਸਪੇਨ ਤੇ ਵੇਲਸ ਦੇ ਨਾਲ ਹੈ।


Tarsem Singh

Content Editor

Related News