ਇੰਗਲੈਂਡ ਦੀ ਕ੍ਰਿਕਟਰ ਲਾਓਰਾ ਮਾਰਸ਼ ਨੇ ਲਿਆ ਸੰਨਿਆਸ
Thursday, Aug 13, 2020 - 09:21 PM (IST)
ਲੰਡਨ– ਇੰਗਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੀ ਆਲਰਾਊਂਡਰ ਲਾਓਰਾ ਮਾਰਸ਼ ਨੇ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਮਾਰਸ਼ ਨੇ ਟਵਿਟਰ 'ਤੇ ਇਸਦਾ ਅਧਿਕਾਰਤ ਐਲਾਨ ਕਰਦੇ ਹੋਏ ਲਿਖਿਆ,''ਮੈਂ ਕ੍ਰਿਕਟ ਦੇ ਸਾਰੇ ਸਵਰੂਪਾਂ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਇਸ ਸਾਲ 'ਦਿ ਹੰਡ੍ਰਡ' ਪ੍ਰਤੀਯੋਗਿਤਾ ਦੇ ਰੱਦ ਹੋਣ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਸੰਨਿਆਸ ਲੈਣ ਦਾ ਇਹ ਸਹੀ ਸਮਾਂ ਹੈ। ਮੈਂ ਉਨ੍ਹਾਂ ਸਾਰੀਆਂ ਟੀਮਾਂ ਤੇ ਸੰਗਠਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੀ ਹਾਂ, ਜਿਨ੍ਹਾਂ ਦੀ ਮੈਂ ਸਾਲਾਂ ਤਕ ਪ੍ਰਤੀਨਿਧਤਾ ਕੀਤੀ ਹੈ।''
ਉਸ ਨੇ ਅੱਗੇ ਲਿਖਿਆ,''ਕੈਂਟ ਤੇ ਸਸੈਕਸ ਨੇ ਮੈਨੂੰ ਅੱਗੇ ਵਧਣ ਵਿਚ ਕਾਫੀ ਮਦਦ ਕੀਤੀ, ਜਿਸ ਦੀ ਮੈਂ ਬਹੁਤ ਧੰਨਵਾਦੀ ਹਾਂ। ਸਰੇ, ਸਟਾਰਸ, ਸਿਡਨੀ ਸਿਕਸਰਸ, ਐੱਨ. ਐੱਸ. ਡਬਲਯੂ. ਬ੍ਰੇਕਰਸ ਤੇ ਓਟਾਗੋ ਸਪਾਕਰਸ ਦਾ ਵੀ ਧੰਨਵਾਦ। ਹਰ ਟੀਮ ਨੇ ਮੈਨੂੰ ਇਕ ਖਿਡਾਰੀ ਤੇ ਇਕ ਵਿਅਕਤੀ ਦੇ ਰੂਪ ਵਿਚ ਖੁਦ ਨੂੰ ਵਿਕਸਤ ਕਰਨ ਦਾ ਮੌਕਾ ਦਿੱਤਾ।'' 33 ਸਾਲਾ ਮਾਰਸ਼ ਨੇ ਇੰਗਲੈਂਡ ਲਈ 9 ਟੈਸਟ, 103 ਵਨ ਡੇ ਤੇ 67 ਟੀ-20 ਮੁਕਾਬਲੇ ਖੇਡੇ ਹਨ। ਉਸ ਨੇ ਤਿੰਨੇ ਸਵਰੂਪਾਂ ਵਿਚ ਕੁਲ ਮਿਲਾ ਕੇ 217 ਵਿਕਟਾਂ ਲਈਆਂ। ਮਾਰਸ਼ ਨੇ 2009 ਤੇ 2017 ਵਿਚ ਇੰਗਲੈਂਡ ਦੇ ਨਾਲ ਆਈ. ਸੀ. ਸੀ. ਮਹਿਲਾ ਵਿਸ਼ਵ ਕੱਪ ਜਿੱਤਿਆ ਅਤੇ 2009 ਵਿਚ ਆਈ. ਸੀ. ਸੀ. ਟੀ-20 ਵਿਸ਼ਵ ਕੱਪ ਖਿਤਾਬ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਰਹੀ ਹੈ।