ਇੰਗਲੈਂਡ 2021 ’ਚ ਨਿਊਜ਼ੀਲੈਂਡ, ਸ਼੍ਰੀਲੰਕਾ, ਪਾਕਿਸਤਾਨ, ਭਾਰਤ ਦੀ ਕਰੇਗਾ ਮੇਜ਼ਬਾਨੀ
Tuesday, Jan 26, 2021 - 02:22 AM (IST)
ਲੰਡਨ– ਇੰਗਲੈਂਡ ਕ੍ਰਿਕਟ ਟੀਮ ਇਸ ਸਾਲ ਨਿਊਜ਼ੀਲੈਂਡ, ਸ਼੍ਰੀਲੰਕਾ, ਪਾਕਿਸਤਾਨ ਤੇ ਭਾਰਤ ਦੀ ਮੇਜ਼ਬਾਨੀ ਕਰੇਗੀ। ਇਸ ਦਾ ਸ਼ੰਖਨਾਦ ਨਿਊਜ਼ੀਲੈਂਡ ਦੇ ਨਾਲ ਦੋ ਮੈਚਾਂ ਦੀ ਟੈਸਟ ਲੜੀ ਦੇ ਨਾਲ ਹੋਵੇਗਾ। ਇੰਗਲੈਂਡ ਕ੍ਰਿਕਟ ਬੋਰਡ (ਈ. ਸੀ. ਬੀ.) ਨੇ ਐਲਾਨ ਕੀਤਾ ਕਿ ਇੰਗਲੈਂਡ ਸ਼੍ਰੀਲੰਕਾ ਦੌਰੇ ਤੋਂ ਬਾਅਦ ਵਿਸ਼ਵ ਟੈਸਟ ਰੈਂਕਿੰਗ ਦੀ ਚੋਟੀ ਦੀ ਟੀਮ ਨਿਊਜ਼ੀਲੈਂਡ ਦੇ ਨਾਲ ਘਰੇਲੂ ਮੈਦਾਨਾਂ ’ਤੇ ਦੋ ਟੈਸਟ ਖੇਡੇਗਾ।
ਈ. ਸੀ. ਬੀ. ਦੇ ਮੁਤਾਬਕ ਨਿਊਜ਼ੀਲੈਂਡ ਵਿਰੁੱਧ ਪਹਿਲਾ ਟੈਸਟ ਆਗਾਮੀ 2 ਜੂਨ ਤੋਂ ਲਾਰਡਸ ਤੇ ਦੂਜਾ ਮੈਚ 10 ਜੂਨ ਤੋਂ ਐਜਬਸਟਨ ਵਿਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਸ਼੍ਰੀਲੰਕਾਈ ਟੀਮ ਸੀਮਤ ਓਵਰਾਂ ਦੀ ਲੜੀ ਲਈ ਇੰਗਲੈਂਡ ਪਹੁੰਚੇਗੀ। ਉਹ ਇੱਥੇ ਪਹਿਲਾਂ ਤੋਂ ਐਲਾਨ 3 ਮੈਚਾਂ ਦੀ ਵਨ ਡੇ ਲੜੀ ਖੇਡਣ ਤੋਂ ਇਲਾਵਾ 3 ਮੈਚਾਂ ਦੀ ਟੀ-20 ਲੜੀ ਵਿਚ ਵੀ ਇੰਗਲੈਂਡ ਨਾਲ ਭਿੜੇਗੀ। ਪਹਿਲਾ ਟੀ-20 ਮੈਚ 23 ਜੂਨ ਤੇ ਦੂਜਾ 24 ਜੂਨ ਨੂੰ ਸੋਫੀਆ ਗਾਰਡਨ ਜਦਕਿ ਤੀਜਾ ਤੇ ਆਖਰੀ ਮੈਚ 26 ਜੂਨ ਨੂੰ ਐਜਿਸ ਬਾਲ ਵਿਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਟੀਮ ਚੇਸਟਰ ਲੀ ਸਟ੍ਰੀਟ ਵਿਚ ਪਹਿਲਾ ਵਨ ਡੇ ਮੈਚ ਖੇਡੇਗੀ। ਦੂਜਾ ਤੇ ਆਖਰੀ ਮੈਚ ਕ੍ਰਮਵਾਰ ਓਵਲ ਤੇ ਬ੍ਰਿਸਟਲ ਕਾਊਂਟੀ ਗਰਾਊਂਡ ਵਿਚ ਹੋਵੇਗਾ।
ਈ. ਸੀ. ਬੀ. ਨੇ ਦੱਸਿਆ ਕਿ ਇੰਗਲੈਂਡ ਟੀਮ ਸ਼੍ਰੀਲੰਕਾ ਤੋਂ ਬਾਅਦ ਜੁਲਾਈ ਵਿਚ ਪਾਕਿਸਤਾਨ ਦੀ ਮੇਜ਼ਬਾਨੀ ਕਰੇਗੀ ਜਿਹੜੀ ਟੀ-20 ਤੇ 3 ਵਨ ਡੇ ਮੈਚ ਖੇਡੇਗੀ। ਇਸ ਤੋਂ ਬਾਅਦ ਭਾਰਤੀ ਟੀਮ ਅਗਸਤ ਤੋਂ 5 ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।