ENG v IND : ਲਾਰਡਸ ਦਾ ਕਿੰਗ ਬਣਨ ਉਤਰਨਗੇ ਭਾਰਤ ਤੇ ਇੰਗਲੈਂਡ
Thursday, Aug 12, 2021 - 03:41 AM (IST)
ਲੰਡਨ- ਨਾਟਿੰਘਮ ਦੇ ਟਰੇਂਟ ਬ੍ਰਿਜ਼ ’ਚ ਪਹਿਲਾ ਟੈਸਟ ਮੀਂਹ ਕਾਰਨ ਡਰਾਅ ਖੇਡਣ ਤੋਂ ਬਾਅਦ ਭਾਰਤ ਤੇ ਇੰਗਲੈਂਡ ਵੀਰਵਾਰ ਤੋਂ ਇਤਿਹਾਸਕ ਲਾਰਡਸ ਮੈਦਾਨ ’ਚ ਸ਼ੁਰੂ ਹੋ ਰਹੇ ਦੂਜੇ ਕ੍ਰਿਕਟ ਟੈਸਟ ’ਚ ਇਸ ਇਤਿਹਾਸਕ ਮੈਦਾਨ ਦਾ ਬਾਦਸ਼ਾਹ ਬਣਨ ਤੇ ਸੀਰੀਜ਼ ’ਚ ਵਾਧੇ ਬਣਾਉਣ ਦੇ ਇਰਾਦੇ ਨਾਲ ਉਤਰਨਗੇ। ਟਰੇਂਟ ਬ੍ਰਿਜ਼ ’ਚ ਪਹਿਲਾ ਟੈਸਟ ਚਾਰ ਦਿਨ ਤੱਕ ਰੋਮਾਂਚਕ ਸੰਘਰਸ਼ ਰਹਿਣ ਤੋਂ ਬਾਅਦ 5ਵੇਂ ਅਤੇ ਅੰਤਿਮ ਦਿਨ ਦੇ ਮੀਂਹ ਕਾਰਨ ਡਰਾਅ ਖਤਮ ਹੋਇਆ। ਭਾਰਤ ਨੂੰ 209 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸ ’ਚੋਂ ਭਾਰਤ ਨੇ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਇਕ ਵਿਕਟ ਗਵਾ ਕੇ 52 ਦੌੜਾਂ ਬਣਾ ਲਈਆਂ ਸਨ। ਕਪਤਾਨ ਵਿਰਾਟ ਕੋਹਲੀ ਦੀ ਟੀਮ ਕੋਲ ਪਹਿਲਾ ਟੈਸਟ ਜਿੱਤ ਕੇ ਸੀਰੀਜ਼ ’ਚ ਵਾਧਾ ਹਾਸਲ ਕਰਨ ਦਾ ਚੰਗਾ ਮੌਕਾ ਸੀ ਪਰ ਮੀਂਹ ਨੇ ਭਾਰਤੀਆਂ ਦੀਆਂ ਤਮਾਮ ਉਮੀਦਾਂ ’ਤੇ ਪਾਣੀ ਫੇਰ ਦਿੱਤਾ।
ਇਹ ਖ਼ਬਰ ਪੜ੍ਹੋ- ਸ਼ਾਕਿਬ ਬਣੇ ICC Player of The Month, ਮਹਿਲਾਵਾਂ 'ਚ ਇਸ ਨੇ ਜਿੱਤਿਆ ਐਵਾਰਡ
ਪਹਿਲੇ ਟੈਸਟ ’ਚ ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਸ਼ਾਨਦਾਰ ਸੈਂਕੜਾ ਬਣਾਇਆ ਸੀ ਅਤੇ ਉਨ੍ਹਾਂ ਦੀ ਇਸ ਪਾਰੀ ਕਾਰਨ ਉਨ੍ਹਾਂ ਨੂੰ 'ਮੈਨ ਆਫ ਦਿ ਮੈਚ' ਦਾ ਇਨਾਮ ਵੀ ਦਿੱਤਾ ਗਿਆ। ਦੂਜੇ ਟੈਸਟ ’ਚ ਉੱਤਰਦੇ ਸਮੇਂ ਦੋਵਾਂ ਟੀਮਾਂ ਦੀਆਂ ਨਜ਼ਰਾਂ ਆਪਣੀ ਬੱਲੇਬਾਜ਼ੀ ’ਚ ਸੁਧਾਰ ਕਰਨ ’ਤੇ ਲੱਗੀਆਂ ਹੋਣਗੀਆਂ। ਭਾਰਤ ਨੇ ਇੰਗਲੈਂਡ ਨੂੰ ਟਰੇਂਟ ਬ੍ਰਿਜ਼ ’ਚ ਪਹਿਲੀ ਪਾਰੀ ’ਚ 183 ਦੌੜਾਂ ’ਤੇ ਨਿਬੇੜਿਆ ਸੀ। ਮੇਜ਼ਬਾਨ ਟੀਮ ਨੂੰ ਇਸ ਗੱਲ ਤੋਂ ਕਾਫੀ ਰਾਹਤ ਹੋਵੇਗੀ ਕਿ ਪਹਿਲਾ ਟੈਸਟ ਡਰਾਅ ਰਿਹਾ ਤੇ ਉਹ ਦੂਜੇ ਟੈਸਟ ’ਚ 0-0 ਦੀ ਹਾਲਤ ’ਚ ਉੱਤਰੇਗੀ। ਭਾਰਤੀ ਟੀਮ ਆਪਣੀ ਆਲ ਰਾਊਂਡ ਖੇਡ ਦੇ ਦਮ ’ਤੇ ਦੋਵਾਂ ਟੀਮਾਂ ’ਚ ਬਿਹਤਰ ਨਜ਼ਰ ਆਈ ਸੀ ਪਰ ਉਸ ਦੇ ਟਾਪ ਕ੍ਰਮ ਦੀ ਨਾਕਾਮੀ ਉਸ ਲਈ ਚਿੰਤਾ ਦਾ ਵਿਸ਼ਾ ਹੋ ਸਕਦੀ ਹੈ।
ਪਹਿਲੇ ਟੈਸਟ ’ਚ ਅੰਤਿਮ ਇਲੈਵਨ ’ਚ ਸ਼ਾਮਲ ਕੀਤੇ ਗਏ ਲੋਕੇਸ਼ ਰਾਹੁਲ ਦੀ ਫਾਰਮ ’ਚ ਵਾਪਸੀ ਭਾਰਤ ਲਈ ਰਾਹਤ ਦੀ ਗੱਲ ਹੋ ਸਕਦੀ ਹੈ ਪਰ ਟਾਪ ਤੇ ਮੱਧ ਕ੍ਰਮ ਦਾ ਲੜਖੜਾਉਣਾ ਟੀਮ ਇੰਡੀਆ ਦੀ ਸਮਰੱਥਾ 'ਤੇ ਸਵਾਲ ਖੜ੍ਹੇ ਕਰਦਾ ਹੈ। ਚੇਤੇਸ਼ਵਰ ਪੁਜਾਰਾ, ਕਪਤਾਨ ਵਿਰਾਟ ਕੋਹਲੀ ਤੇ ਉਪ ਕਪਤਾਨ ਅਜਿੰਕਯ ਰਹਾਣੇ ਦੀ ਬੱਲੇਬਾਜ਼ੀ ਸਮਰੱਥਾ ’ਤੇ ਕਿਸੇ ਨੂੰ ਵੀ ਸ਼ੱਕ ਨਹੀਂ ਹੈ ਪਰ ਉਨ੍ਹਾਂ ਦਾ ਸਸਤੇ ’ਚ ਆਊਟ ਹੋਣਾ ਭਾਰਤ ਨੂੰ ਪ੍ਰੇਸ਼ਾਨੀ ’ਚ ਪਾ ਸਕਦਾ ਹੈ। ਇਹੀ ਉਹ ਖੇਤਰ ਹੈ ਜਿਸ ’ਚ ਇੰਗਲੈਂਡ ਫਾਇਦਾ ਉੱਠਾ ਸਕਦਾ ਹੈ ਜਦੋਂਕਿ ਭਾਰਤ ਨੂੰ ਇਸ ਖੇਤਰ ’ਚ ਬੇਭਰੋਸਗੀ ਸੁਧਾਰ ਕਰਨਾ ਹੈ। ਮੇਜ਼ਬਾਨ ਟੀਮ ਦੀ ਬੱਲੇਬਾਜ਼ੀ ਵੀ ਉਸ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਦੋਵਾਂ ਪਾਰੀਆਂ ’ਚ ਜੋ ਰੂਟ ਦੀ ਸ੍ਰੇਸ਼ਠਤਾ ਨੇ ਇੰਗਲੈਂਡ ਨੂੰ ਪੂਰੀ ਤਰ੍ਹਾਂ ਪਤਨ ਤੋਂ ਬਚਾ ਲਿਆ ਸੀ। ਰੂਟ ਨੂੰ ਛੱਡ ਕੇ ਬਾਕੀ ਇੰਗਲਿਸ਼ ਬੱਲੇਬਾਜ਼ੀ ਭਾਰਤ ਦੀ ਤੇਜ਼ ਗੇਂਦਬਾਜ਼ੀ ਦੇ ਸਾਹਮਣੇ ਨਤਮਸਤਕ ਨਜ਼ਰ ਆਈ ਸੀ। ਇੰਗਲੈਂਡ ਰਾਤੋਂ ਰਾਤ ਤਾਂ ਆਪਣੀ ਬੱਲੇਬਾਜ਼ੀ ਨੂੰ ਨਹੀਂ ਸੁਧਾਰ ਸਕਦਾ ਪਰ ਖਿਡਾਰੀ ਨਿੱਜੀ ਤੌਰ ’ਤੇ ਆਪਣੇ ਪ੍ਰਦਰਸ਼ਨ ’ਚ ਜ਼ਰੂਰ ਸੁਧਾਰ ਕਰ ਸਕਦੇ ਹਨ।
ਪਹਿਲੇ ਟੈਸਟ ’ਚ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਇੰਗਲੈਂਡ ਦੇ ਬੱਲੇਬਾਜ਼ਾਂ ਲਈ ਖਤਰਾ ਬਣੇ ਸਨ। ਜੇਕਰ ਸੀਰੀਜ਼ ਦੇ ਬਚੇ ਚਾਰੋਂ ਟੈਸਟਾਂ ’ਚ ਗੇਂਦ ਦੋਵਾਂ ਤਰ੍ਹਾਂ ਮੂਵਮੈਂਟ ਲੈਂਦੀ ਹੈ ਤਾਂ ਬੁਮਰਾਹ ਇੰਗਲਿਸ਼ ਬੱਲੇਬਾਜ਼ਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੇ ਰਹਿਣਗੇ। ਦੋਵੇਂ ਟੀਮਾਂ ਆਖਰੀ ਵਾਰ ਇਸ ਮੈਦਾਨ ’ਤੇ 3 ਸਾਲ ਪਹਿਲਾਂ 2018 ’ਚ ਭਿੜੀਆਂ ਸਨ। ਭਾਰਤੀ ਟੀਮ ਦੋਵਾਂ ਪਾਰੀਆਂ ’ਚ 107 ਅਤੇ 130 'ਤੇ ਸਿਮਟ ਗਈਆਂ ਸਨ। ਜੇਮਸ ਐਂਡਰਸਨ ਨੇ ਮੈਚ ’ਚ ਕੁਲ 9 ਵਿਕਟਾਂ ਹਾਸਲ ਕੀਤੀਆਂ ਸਨ। ਕ੍ਰਿਸ ਵੋਕਸ ਨੇ ਇਸ ਮੈਚ ’ਚ ਆਪਣਾ ਪਹਿਲਾ ਟੈਸਟ ਸੈਂਕੜਾ ਬਣਾਇਆ ਸੀ। ਉਸ ਮੈਚ ਦੇ ਮੁਕਾਬਲੇ ਭਾਰਤ ਇਸ ਸਮੇਂ ਜ਼ਿਆਦਾ ਬਿਹਤਰ ਟੀਮ ਵਿਖਾਈ ਦਿੰਦੀ ਹੈ ਅਤੇ ਇਸ ਗੱਲ ਨੂੰ ਉਸ ਨੇ ਪਹਿਲੇ ਟੈਸਟ ’ਚ ਸਾਬਤ ਕੀਤਾ ਸੀ।
ਇਹ ਖ਼ਬਰ ਪੜ੍ਹੋ- ਸ਼੍ਰੇਅਸ ਅਈਅਰ ਖੇਡਣ ਦੇ ਲਈ ਫਿੱਟ, IPL 'ਚ ਕਰਨਗੇ ਵਾਪਸੀ
ਲਾਰਡਸ ਟੈਸਟ ਲਈ ਟਰੇਂਟ ਬ੍ਰਿਜ਼ ਦੇ ਮੁਕਾਬਲੇ ਮੌਸਮ ਦੀ ਭਵਿੱਖਵਾਣੀ ਬਿਹਤਰ ਹੈ, ਹਾਲਾਂਕਿ ਐਤਵਾਰ ਨੂੰ ਕੁੱਝ ਮੀਂਹ ਹੋਣ ਦੀ ਸੰਭਾਵਨਾ ਹੈ। ਲਾਰਡਸ ਦੀ ਜੂਨ ’ਚ ਨਿਊਜ਼ੀਲੈਂਡ ਵਿਰੁੱਧ ਮੁਕਾਬਲੇ ’ਚ ਰੱਖੀ ਪਿੱਚ ਹੌਲੀ ਸੀ ਪਰ ਇਹ ਹੁਣ ਵੀ ਬੱਲੇ ਤੇ ਗੇਂਦ ’ਚ ਸੰਤੁਲਨ ਰੱਖਦੀ ਹੈ ਜੇਕਰ ਇਸ ’ਤੇ ਕੁੱਝ ਘਾਹ ਛੱਡੀ ਜਾਂਦੀ ਹੈ। ਇੰਗਲੈਂਡ ਆਪਣੀ ਅੰਤਿਮ ਇਲੈਵਨ ਦਾ ਐਲਾਨ ਟਾਸ ਦੇ ਸਮੇਂ ਕਰੇਗਾ ਅਤੇ ਟਰੇਂਟ ਬ੍ਰਿਜ਼ ’ਚ ਖੇਡੀ ਟੀਮ ’ਚ ਕਈ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਤੇਜ਼ ਗੇਂਦਬਾਜ਼ ਸਟੁਅਰਟ ਬਰਾਡ ਆਪਣੇ ਪੈਰ ਦੀਆਂ ਮਾਸਪੇਸ਼ੀਆਂ ’ਚ ਖਿਚਾਅ ਕਾਰਨ ਬਾਹਰ ਰਹਿ ਸਕਦੇ ਹਨ। ਜੇਮਸ ਐਂਡਰਸਨ ਦਾ ਮਾਮਲਾ ਵੀ ਮੁਸ਼ਕਲਾਂ ਭਰਿਆ ਹੈ ਅਤੇ ਉਨ੍ਹਾਂ ਦਾ ਖੇਡਣਾ ਵੀ ਸ਼ੱਕੀ ਹੈ।
ਦੂਜੇ ਪਾਸੇ ਜਿੱਥੋਂ ਤੱਕ ਭਾਰਤ ਦੀ ਗੱਲ ਹੈ ਤਾਂ ਪਹਿਲੇ ਟੈਸਟ ’ਚ ਗੇਂਦ ਨਾਲ ਪ੍ਰਭਾਵੀ ਪ੍ਰਦਰਸ਼ਨ ਕਰਨ ਵਾਲੇ ਸ਼ਾਰਦੁਲ ਠਾਕੁਰ ਨੂੰ ਹੈਮਸਟਰਿੰਗ ਸੱਟ ਹੈ ਤੇ ਉਨ੍ਹਾਂ ਨੂੰ ਆਰਾਮ ਦੀ ਸਲਾਹ ਦਿੱਤੀ ਗਈ ਹੈ। ਇਸ ਨਾਲ ਕਪਤਾਨ ਕੋਹਲੀ ਦੀ ਪੁਰਾਣੀ ਇਲੈਵਨ ਉਤਾਰਨ ਦੀ ਯੋਜਨਾ ਉੱਤੇ ਪਾਣੀ ਫਿਰ ਸਕਦਾ ਹੈ ਅਤੇ ਆਫ ਸਪਿਨਰ ਰਵੀ ਚੰਦਰਨ ਅਸ਼ਵਿਨ ਦੀ ਵਾਪਸੀ ਦਾ ਰਸਤਾ ਸਾਫ ਹੋ ਸਕਦਾ ਹੈ। ਇਹ ਵੀ ਵੇਖਣਾ ਦਿਲਚਸਪ ਹੋਵੇਗਾ ਕਿ ਇਸ਼ਾਂਤ ਸ਼ਰਮਾ ਦੀ ਵਾਪਸੀ ਲਈ ਰਸਤਾ ਬਣਦਾ ਹੈ ਜਾਂ ਨਹੀਂ। ਇਸ਼ਾਂਤ ਨੇ 2014 ’ਚ ਇਸ ਮੈਦਾਨ ’ਤੇ ਆਪਣੇ ਚੰਗੇ ਪ੍ਰਦਰਸ਼ਨ ਕਰਦੇ ਹੋਏ ਭਾਰਤ ਨੂੰ ਜਿੱਤ ਦਵਾਈ ਸੀ ਪਰ ਮੋਹੰਮਦ ਸਿਰਾਜ ਨੂੰ ਖਿਡਾਉਣ ਨਾਲ ਭਾਰਤ ਨੂੰ ਚਾਰ ਮੈਂਬਰੀ ਤੇਜ਼ ਹਮਲੇ ਦੇ ਨਾਲ ਬੱਲੇਬਾਜ਼ੀ ’ਚ ਸਮੱਸਿਆ ਹੋ ਸਕਦੀ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।