ENG vs IND ; ਭਾਰਤ ਦੀ ਰਿਕਾਰਡਤੋੜ ਜਿੱਤ ! ਇੰਗਲੈਂਡ ਨੂੰ ਇਕਤਰਫ਼ਾ ਅੰਦਾਜ਼ ''ਚ ਹਰਾ ਕੇ ਲੜੀ ''ਤੇ ਕੀਤਾ ਕਬਜ਼ਾ
Sunday, Feb 02, 2025 - 10:01 PM (IST)
ਸਪੋਰਟਸ ਡੈਸਕ- ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਖੇਡੇ ਗਏ 5 ਟੀ-20 ਮੈਚਾਂ ਦੀ ਲੜੀ ਦੇ 5ਵੇਂ ਮੁਕਾਬਲੇ 'ਚ ਭਾਰਤ ਨੇ ਓਪਨਰ ਅਭਿਸ਼ੇਕ ਸ਼ਰਮਾ ਦੇ ਤੂਫ਼ਾਨੀ ਸੈਂਕੜੇ ਮਗਰੋਂ ਗੇਂਦਬਾਜ਼ਾਂ ਦੇ ਧਮਾਕੇਦਾਰ ਪ੍ਰਦਰਸ਼ਨ ਨਾਲ ਇੰਗਲੈਂਡ ਨੂੰ ਇਕਤਰਫ਼ਾ ਅੰਦਾਜ਼ 'ਚ ਹਰਾ ਕੇ ਲੜੀ 4-1 ਨਾਲ ਆਪਣੇ ਨਾਂ ਕਰ ਲਈ ਹੈ।
ਇਸ ਤੋਂ ਪਹਿਲਾਂ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ, ਜੋ ਕਿ ਬਿਲਕੁਲ ਗ਼ਲਤ ਸਾਬਿਤ ਹੋਇਆ ਤੇ ਭਾਰਤੀ ਬੱਲੇਬਾਜ਼ਾਂ ਨੇ ਮੈਦਾਨ 'ਤੇ ਚੌਕਿਆਂ-ਛੱਕਿਆਂ ਦਾ ਮੀਂਹ ਵਰ੍ਹਾਉਂਦੇ ਹੋਏ 20 ਓਵਰਾਂ 'ਚ 9 ਵਿਕਟਾਂ ਗੁਆ ਕੇ 247 ਦੌੜਾਂ ਬਣਾਈਆਂ ਸਨ। ਇਸ 'ਚ ਸਭ ਤੋਂ ਵੱਡਾ ਯੋਗਦਾਨ ਨੌਜਵਾਨ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦਾ ਰਿਹਾ, ਜਿਸ ਨੇ 54 ਗੇਂਦਾਂ 'ਚ 7 ਚੌਕਿਆਂ ਤੇ 13 ਛੱਕਿਆਂ ਦੀ ਮਦਦ ਨਾਲ 135 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ।
ਇਸ ਪਹਾੜ ਜਿੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਦੀ ਟੀਮ ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਨਾ ਕਰ ਸਕੀ ਤੇ 10.3 ਓਵਰਾਂ 'ਚ 97 ਦੌੜਾਂ 'ਤੇ ਹੀ ਢੇਰ ਹੋ ਗਈ। ਇਸ ਤਰ੍ਹਾਂ ਭਾਰਤ ਨੇ ਇਹ ਮੁਕਾਬਲਾ 150 ਦੌੜਾਂ ਦੇ ਰਿਕਾਰਡ ਫ਼ਰਕ ਨਾਲ ਜਿੱਤ ਕੇ ਲੜੀ ਆਪਣੇ ਨਾਂ ਕਰ ਲਈ ਹੈ।