ENG v IND : ਭਾਰਤ ਨੇ ਇੰਗਲੈਂਡ ਨੂੰ 49 ਦੌੜਾਂ ਨਾਲ ਹਰਾਇਆ

Saturday, Jul 09, 2022 - 10:26 PM (IST)

ENG v IND : ਭਾਰਤ ਨੇ ਇੰਗਲੈਂਡ ਨੂੰ 49 ਦੌੜਾਂ ਨਾਲ ਹਰਾਇਆ

ਸਪੋਰਟਸ ਡੈਸਕ- ਆਲਰਾਊਂਡਰ ਰਵਿੰਦਰ ਜਡੇਜਾ ਦੇ ਕਰੀਅਰ ਦੀ ਸਰਵਸ੍ਰੇਸ਼ਠ ਅਜੇਤੂ 46 ਦੌੜਾਂ ਦੀ ਪਾਰੀ ਤੋਂ ਬਾਅਦ ‘ਮੈਨ ਆਫ ਦਿ ਮੈਚ’ ਭੁਵਨੇਸ਼ਵਰ ਕੁਮਾਰ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਦਬਦਬੇ ਵਾਲੇ ਪ੍ਰਦਰਸ਼ਨ ਨਾਲ ਭਾਰਤ ਨੇ ਦੂਜੇ ਟੀ-20 ਕੌਮਾਂਤਰੀ ਵਿਚ ਇੰਗਲੈਂਡ ਨੂੰ 49 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿਚ 2-0 ਦੀ ਅਜੇਤੂ ਬੜ੍ਹਤ ਬਣ ਹਾਸਲ ਕਰ ਲਈ। ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਭਾਰਤ ਨੇ ਵਿਚਾਲੇ ਦੇ ਓਵਰਾਂ ਵਿਚ ਲੜਖੜਾਉਣ ਤੋਂ ਬਾਅਦ 8 ਵਿਕਟਾਂ ’ਤੇ 170 ਦੌੜਾਂ ਬਣਾਈਆਂ ਤੇ ਫਿਰ ਇੰਗਲੈਂਡ ਦੀ ਪਾਰੀ ਨੂੰ 17 ਓਵਰਾਂ ਵਿਚ 121 ਦੌੜਾਂ ’ਤੇ ਸਮੇਟ ਦਿੱਤਾ। ਭਾਰਤ ਲਈ ਭੁਵਨੇਸ਼ਵਰ ਕੁਮਾਰ ਨੇ 3 ਓਵਰਾਂ ਵਿਚ 15 ਦੌੜਾਂ ’ਤੇ 3, ਜਸਪ੍ਰੀਤ ਬੁਮਰਾਹ ਨੇ 3 ਓਵਰਾਂ ਵਿਚ 10 ਦੌੜਾਂ ਦੇ ਕੇ 2 ਤੇ ਯੁਜਵੇਂਦਰ ਚਾਹਲ ਨੇ 2 ਓਵਰਾਂ ਵਿਚ 12 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਨੂੰ ਭੁਵਨੇਸ਼ਵਰ ਕੁਮਾਰ ਨੇ ਪਹਿਲੀ ਹੀ ਗੇਂਦ ’ਤੇ ਜੈਸਨ ਰਾਏ ਨੂੰ ਆਊਟ ਕਰਕੇ ਵੱਡਾ ਝਟਕਾ ਦਿੱਤਾ। ਆਪਣਾ ਪਹਿਲਾ ਓਵਰ ਮੇਡਨ ਕਰਨ ਤੋਂ ਬਾਅਦ ਉਸ ਨੇ ਕਪਤਾਨ ਜੋਸ ਬਟਲਰ (4) ਨੂੰ ਰਿਸ਼ਭ ਪੰਤ ਹੱਥੋਂ ਕੈਚ ਕਰਵਾ ਕੇ ਦੂਜੀ ਸਫਲਤਾ ਹਾਸਲ ਕੀਤੀ। ਚੌਥੇ ਕ੍ਰਮ ’ਤੇ ਬੱਲੇਬਾਜ਼ੀ ਲਈ ਆਏ ਲਿਵਿੰਗਸਟੋਨ (15) ਨੇ ਲਗਾਤਾਰ ਦੋ ਚੌਕੇ ਲਾ ਕੇ ਆਪਣੇ ਹਮਲਵਾਰ ਤੇਵਰ ਦਿਖਾਏ ਪਰ ਪਾਰੀ ਦੇ ਪੰਜਵੇਂ ਓਵਰ ਵਿਚ ਜਸਪ੍ਰੀਤ ਬੁਮਰਾਹ ਨੇ ਉਸ ਨੂੰ ਬੋਲਡ ਕਰਕੇ ਟੀਮ ਨੂੰ ਵੱਡੀ ਸਫਲਤਾ ਦਿਵਾਈ।

ਇਹ ਵੀ ਪੜ੍ਹੋ : ਕੋਲੇ ਦੀਆਂ ਖਦਾਨਾਂ ’ਤੇ ਕੰਟਰੋਲ ਲਈ ਤਾਲਿਬਾਨ ਤੇ ਸਥਾਨਕ ਲੋਕਾਂ ’ਚ ਛਿੜੀ ਲੜਾਈ, ਹਜ਼ਾਰਾਂ ਲੋਕ ਹੋਏ ਬੇਘਰ

ਰੋਹਿਤ ਨੇ ਪਾਵਰ ਪਲੇਅ ਖਤਮ ਹੋਣ ਤੋਂ ਬਾਅਦ ਗੇਂਦ ਯੁਜਵੇਂਦਰ ਚਾਹਲ ਨੂੰ ਦਿੱਤੀ ਤੇ ਇਸ ਸਪਿਨਰ ਨੇ ਹੈਰੀ ਬਰੂਕ (8) ਨੂੰ ਆਪਣੀ ਫਿਰਕੀ ਵਿਚ ਫਸਾ ਲਿਆ, ਜਿਸ ਨਾਲ 10ਵੇਂ ਓਵਰ ਵਿਚ 55 ਦੇ ਸਕੋਰ ਤਕ ਇੰਗਲੈਂਡ ਦੀ ਅੱਧੀ ਟੀਮ ਪੈਵੇਲੀਅਨ ਪਰਤ ਗਈ। ਬੁਮਰਾਹ ਨੇ ਆਪਣੇ ਦੂਜੇ ਸਪੈੱਲ ਵਿਚ ਦੂਜੀ ਗੇਂਦ ’ਤੇ ਸੈਮ ਕਿਊਰੇਨ (2) ਨੂੰ ਹਾਰਦਿਕ ਹੱਥੋਂ ਕੈਚ ਕਰਵਾ ਕੇ ਚਲਦਾ ਕੀਤਾ। ਮੋਇਨ ਅਲੀ ਨੇ 12ਵੇਂ ਤੇ 13ਵੇਂ ਵਿਚ ਚੌਕਾ ਲਾਉਣ ਤੋਂ ਬਾਅਦ 14ਵੇਂ ਓਵਰ ਵਿਚ ਜਡੇਜਾ ਤੇ 15ਵੇਂ ਓਵਰ ਵਿਚ ਹਾਰਦਿਕ ਵਿਰੁੱਧ ਛੱਕਾ ਲਾਇਆ। ਹਾਰਦਿਕ ਨੇ ਹਾਲਾਂਕਿ ਅਗਲੀ ਹੀ ਗੇਂਦ ’ਤੇ ਕਪਤਾਨ ਰੋਹਿਤ ਦੇ ਹੱਥੋਂ ਕੈਚ ਕਰਵਾ ਕੇ 21 ਗੇਂਦਾਂ ’ਤੇ 35 ਦੌੜਾਂ ਦੀ ਉਸਦੀ ਪਾਰੀ ਨੂੰ ਖਤਮ ਕਰ ਕੇ ਇੰਗਲੈਂਡ ਦੀ ਜਿੱਤ ਦੀਆਂ ਉਮੀਦਾਂ ਤੋੜ ਦਿੱਤੀਆਂ। ਅਗਲੀ ਹੀ ਗੇਂਦ ’ਤੇ ਜੌਰਡਨ (1) ਰਨ ਆਊਟ ਹੋ ਗਿਆ। ਡੇਵਿਡ ਵਿਲੀ ਨੇ ਹਾਰਦਿਕ ਦੇ ਇਸ ਓਵਰ ਵਿਚ ਚੌਕਾ ਤੇ ਛੱਕਾ ਲਾ ਕੇ ਟੀਮ ਨੂੰ ਮੈਚ ਵਿਚ ਬਰਕਰਾਰ ਰੱਖਣ ਦੀ ਕੋਸ਼ਿਸ਼ ਕੀਤੀ ਪਰ ਭੁਵਨੇਸ਼ਵਰ ਨੇ ਅਗਲੇ ਓਵਰ ਵਿਚ ਰਿਚਰਡ ਗਲੀਸਨ ਨੂੰ ਪੈਵੇਲੀਅਨ ਦਾ ਰਸਤਾ ਦਿਖਾ ਦਿੱਤਾ। ਵਿਲੀ ਨੇ ਹਰਸ਼ਲ ਵਿਰੁੱਧ 17ਵੇਂ ਓਵਰ ਦੀ ਸ਼ੁਰੂਆਤ ਦੋ ਗੇਂਦਾਂ ’ਤੇ ਛੱਕਾ ਤੇ ਚੌਕਾ ਲਾ ਕੇ ਕੀਤੀ ਪਰ ਉਸ ਨੇ ਓਵਰ ਦੀ ਆਖਰੀ ਗੇਂਦ ’ਤੇ ਮੈਟ ਪਾਰਕਿੰਸਨ ਨੂੰ ਬੋਲਡ ਕਰਕੇ ਇੰਗਲੈਂਡ ਦੀ ਪਾਰੀ ਨੂੰ ਸਮੇਟ ਦਿੱਤਾ।

ਇਸ ਤੋਂ ਪਹਿਲਾਂ ਭਾਰਤ ਲਈ ਕਪਤਾਨ ਰੋਹਿਤ ਦੇ ਨਾਲ ਵਿਕਟਕੀਪਰ ਪੰਤ ਨੇ ਪਾਰੀ ਦਾ ਆਗਾਜ਼ ਕੀਤਾ। ਪਾਰੀ ਦੇ ਪਹਿਲੇ ਓਵਰ ਵਿਚ ਡੇਵਿਡ ਵਿਲੀ ਦੀ ਚੌਥੀ ਗੇਂਦ ’ਤੇ ਡੇਵਿਡ ਮਲਾਨ ਨੇ ਰੋਹਿਤ ਦਾ ਕੈਚ ਫੜਿਆ ਤੇ ਭਾਰਤੀ ਕਪਤਾਨ ਨੇ ਓਵਰ ਦੀ ਆਖਰੀ ਗੇਂਦ ’ਤੇ ਸਵਾਗਤ ਫਿਰ ਤੋਂ ਛੱਕਾ ਲਾ ਕੇ ਕੀਤਾ ਜਦਕਿ ਪੰਤ ਨੇ ਇਸ ਓਵਰ ਵਿਚ ਦੋ ਚੌਕੇ ਲਾਏ। ਦੋਵਾਂ ਨੇ ਇਸ ਤੋਂ ਬਾਅਦ ਮੋਇਨ ਅਲੀ ਵਿਰੁੱਧ ਚੌਕੇ ਲਾਏ। ਪੰਜਵੇਂ ਓਵਰ ਵਿਚ ਗੇਂਦਬਾਜ਼ੀ ਲਈ ਆਏ ਡੈਬਿਊ ਕਰ ਰਹੇ ਗਲੀਸਨ ਦਾ ਸਵਾਗਤ ਵੀ ਰੋਹਿਤ ਨੇ ਚੌਕੇ ਨਾਲ ਕੀਤਾ ਪਰ ਇਸ ਗੇਂਦਬਾਜ਼ ਨੇ ਭਾਰਤੀ ਕਪਤਾਨ ਨੂੰ ਵਿਕਟਕੀਪਰ ਜੋਸ ਬਟਲਰ ਦੇ ਹੱਥੋਂ ਕੈਚ ਕਰਵਾ ਕੇ ਕੌਮਾਂਤਰੀ ਕਰੀਅਰ ਦੀ ਪਹਿਲੀ ਵਿਕਟ ਲਈ। ਉਸ ਨੇ ਇਸ ਤਰ੍ਹਾਂ ਰੋਹਿਤ ਤੇ ਪੰਤ ਦੀ 49 ਦੌੜਾਂ ਦੀ ਸਾਂਝੇਦਾਰੀ ਨੂੰ ਖਤਮ ਕੀਤਾ । ਪੰਤ ਨੇ ਇਸ ਤੋਂ ਬਾਅਦ ਮੋਇਨ ਵਿਰੁੱਧ 6ਵੇਂ ਓਵਰ ਵਿਚ ਛੱਕਾ ਤੇ ਚੌਕਾ ਲਾਇਅਆ, ਜਿਸ ਨਾਲ ਪਾਵਰਪਲੇਅ ਵਿਚ ਭਾਰਤ ਦਾ ਸਕੋਰ 1 ਵਿਕਟ ’ਤੇ 61 ਦੌੜਾਂ ਹੋ ਗਿਆ।

ਇਹ ਵੀ ਪੜ੍ਹੋ : ਬ੍ਰਿਟੇਨ 'ਚ 'ਡਰਾਈਵਿੰਗ ਟੈਸਟ' ਨਾਲ ਜੁੜੀ ਧੋਖਾਧੜੀ 'ਚ ਭਾਰਤੀ ਮੂਲ ਦੀ ਮਹਿਲਾ ਨੂੰ ਜੇਲ੍ਹ

ਗਲੀਸਨ ਨੇ ਆਪਣੇ ਅਗਲੇ ਓਵਰ ਦੀ ਸ਼ੁਰੂਆਤ ਦੋ ਗੇਂਦਾਂ ’ਤੇ ਸਾਬਕਾ ਕਪਾਤਨ ਵਿਰਾਟ ਕੋਹਲੀ (1) ਤੇ ਪੰਤ ਨੂੰ ਚਲਦਾ ਕੀਤਾ। ਇਸ ਤਰ੍ਹਾਂ ਉਸ ਨੇ 4 ਗੇਂਦਾਂ ਦੇ ਅੰਦਰ 3 ਵਿਕਟਾਂ ਲਈਆਂ। ਸੂਰਯਕੁਮਾਰ ਯਾਦਵ ਤੇ ਪਿਛਲੇ ਮੈਚ ਵਿਚ ਅਰਧ ਸੈਂਕੜਾ ਲਾਉਣ ਵਾਲੇ ਆਲਰਾਊਂਡਰ ਹਾਰਦਿਕ ਪੰਡਯਾ ਤੇ ਇਸ ਤੋਂ ਬਾਅਦ ਸੰਭਲ ਕੇ ਬੱਲੇਬਾਜ਼ੀ ਕੀਤੀ ਪਰ ਦੋਵੇਂ ਕ੍ਰੀਜ਼ ’ਤੇ ਸਮਾਂ ਬਿਤਾਉਣ ਤੋਂ ਬਾਅਦ 11ਵੇਂ ਓਵਰ ਵਿਚ ਕ੍ਰਿਸ ਜੌਰਡਨ ਦੀਆਂ ਲਗਾਤਾਰ ਗੇਂਦਾਂ ’ਤੇ ਆਊਟ ਹੋ ਕੇ ਪੈਵੇਲੀਅਨ ਪਰਤੇ। ਸੂਰਯਕੁਮਾਰ ਨੇ 11 ਗੇਂਦਾਂ ਵਿਚ 15 ਜਦਕਿ ਹਾਰਦਿਕ ਨੇ 15 ਗੇਂਦਾਂ ਵਿਚ 12 ਦੌੜਾਂ ਬਣਾਈਆਂ। ਇਸ ਸਮੇਂ ਭਾਰਤ ਦਾ ਸਕੋਰ 11 ਓਵਰਾਂ ਵਿਚ 89 ਦੌੜਾਂ ’ਤੇ 5 ਵਿਕਟਾਂ ਹੋ ਗਿਆ।

ਲਗਾਤਾਰ ਦੋ ਵਿਕਟਾਂ ਡਿੱਗਣ ਤੋਂ ਬਾਅਦ ਭਾਰਤੀ ਟੀਮ ਬੈਕਫੁਟ ’ਤੇ ਸੀ ਪਰ ਰਵਿੰਦਰ ਜਡੇਜਾ ਨੇ ਵਿਚਾਲੇ-ਵਿਚਾਲੇ ਵਿਚ ਚੌਕੇ ਲਾ ਕੇ ਟੀਮ ਦੀ ਰਨ ਰੇਟ ਨੂੰ ਬਰਕਰਾਰ ਰੱਖਿਆ। ਉਸ ਨੂੰ ਦਿਨੇਸ਼ ਕਾਰਤਿਕ ਦਾ ਚੰਗਾ ਸਾਥ ਮਿਲ ਰਿਹਾ ਸੀ ਪਰ 16ਵੇਂ ਓਵਰ ਵਿਚ ਹਾਲਾਂਕਿ ਕਾਰਤਿਕ 17 ਗੇਂਦਾਂ ਵਿਚ 12 ਦੌੜਾਂ ਬਣਾ ਕੇ ਰਨ ਆਊਟ ਹੋ ਗਿਆ। ਲਿਵਿੰਗਸਟੋਨ ਦੇ ਇਸ ਓਵਰ ਵਿਚ ਹਾਲਾਂਕਿ ਜਡੇਜਾ ਤੇ ਹਰਸ਼ਲ ਪਟੇਲ ਨੇ ਇਕ-ਇਕ ਚੌਕਾ ਲਾਇਆ। ਹਰਸ਼ਲ ਨੇ 17ਵੇਂ ਓਵਰ ਵਿਚ ਜੌਰਡਨ ਵਿਰੁੱਧ ਛੱਕਾ ਲਾਇਆ ਪਰ ਅਗਲੀ ਗੇਂਦ ’ਤੇ ਉਸ ਨੇ ਗਲੀਸਨ ਨੂੰ ਕੈਚ ਦੇ ਦਿੱਤਾ। ਉਸ ਨੇ 6 ਗੇਂਦਾਂ ਵਿਚ 13 ਦੌੜਾਂ ਬਣਾਈਆਂ। ਜਡੇਜਾ ਨੇ ਇਸ ਤੋਂ ਬਾਅਦ 19ਵੇਂ ਤੇ 20ਵੇਂ ਓਵਰ ਵਿਚ ਇਕ-ਇਕ ਚੌਕਾ ਲਾ ਕੇ ਟੀਮ ਦੇ ਸਕੋਰ ਨੂੰ 170 ਤਕ ਪਹੁੰਚਾਇਆ। ਭਾਰਤ ਪਹਿਲਾ ਟੀ-20 ਮੈਚ ਜਿੱਤ ਕੇ 3 ਮੈਚਾਂ ਦੀ ਲੜੀ ਵਿਚ 1-0 ਨਾਲ ਅੱਗੇ ਹੈ।

ਦੋਵਾਂ ਟੀਮਾਂ ਦੀ ਪਲੇਇੰਗ 11 :-

ਭਾਰਤ : ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਸੂਰਯ ਕੁਮਾਰ ਯਾਦਵ, ਰਿਸ਼ਭ ਪੰਤ (ਵਿਕਟ ਕੀਪਰ)  ਹਾਰਦਿਕ ਪਾਂਡਿਆ,ਦਿਨੇਸ਼ ਕਾਰਤਿਕ,ਰਵਿੰਦਰ ਜਡੇਜਾ,ਹਰਸ਼ਲ ਪਟੇਲ,ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਯੁਜਵੇਂਦਰ ਚਾਹਲ।     
ਇੰਗਲੈਂਡ : ਸਨ ਰਾਏ, ਜੋਸ ਬਟਲਰ (ਕਪਤਾਨ, ਵਿਕਟ ਕੀਪਰ), ਡੇਵਿਡ ਮਲਾਨ, ਲਿਆਮ ਲਿਵਿੰਗਸਟੋਨ, ਮੋਇਨ ਅਲੀ, ਹੈਰੀ ਬਰੂਕ, ਸੈਮ ਕੁਰਨ,ਡੇਵਿਡ ਵਿਲੀ, ਕ੍ਰਿਸ ਜਾਰਡਨ, ਰਿਚਰਡ ਗਲੀਸਨ, ਮੈਥਿਊ ਪਾਰਕੀਂਸਨ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News