ENG v IND 5th Test : ਚੌਥੇ ਦਿਨ ਦੀ ਖੇਡ ਖ਼ਤਮ, ਇੰਗਲੈਂਡ ਨੂੰ ਪੰਜਵੇਂ ਦਿਨ ਜਿੱਤ ਲਈ ਚਾਹੀਦੀਆਂ 119 ਦੌੜਾਂ

Monday, Jul 04, 2022 - 11:22 PM (IST)

ENG v IND 5th Test : ਚੌਥੇ ਦਿਨ ਦੀ ਖੇਡ ਖ਼ਤਮ, ਇੰਗਲੈਂਡ ਨੂੰ ਪੰਜਵੇਂ ਦਿਨ ਜਿੱਤ ਲਈ ਚਾਹੀਦੀਆਂ 119 ਦੌੜਾਂ

ਸਪੋਰਟਸ ਡੈਸਕ- ਜਾਨੀ ਬੇਅਰਸਟੋ ਤੇ ਜੋ ਰੂਟ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ ’ਤੇ ਇੰਗਲੈਂਡ ਭਾਰਤ ਵਿਰੁੱਧ ਪੰਜਵੇਂ ਕ੍ਰਿਕਟ ਟੈਸਟ ਮੈਚ ਦੇ ਚੌਥੇ ਦਿਨ ਸੋਮਵਾਰ ਨੂੰ ਜਿੱਤ ਦੇ ਨੇੜੇ ਪਹੁੰਚ ਗਿਆ ਹੈ। ਜਿੱਤ ਲਈ 378 ਦੌੜਾਂ ਦੇ ਮੁਸ਼ਕਿਲ ਟੀਚੇ ਦੇ ਜਵਾਬ ਵਿਚ ਇੰਗਲੈਂਡ ਨੇ ਹਮਲਾਵਰ ਸ਼ੁਰੂਆਤ ਕਰਦੇ ਹੋਏ ਦੂਜੀ ਪਾਰੀ ਵਿਚ 3 ਵਿਕਟਾਂ ’ਤੇ 259 ਦੌੜਾਂ ਬਣਾ ਲਈਆਂ ਹਨ। ਉਸ ਨੂੰ ਹੁਣ ਲੜੀ ਵਿਚ ਬਰਾਬਰੀ ਕਰਨ ਵਾਲੀ ਜਿੱਤ ਲਈ 119 ਦੌੜਾਂ ਦੀ ਲੋੜ ਹੈ। ਰੂਟ 112 ਗੇਂਦਾਂ ਵਿਚ 76 ਤੇ ਬੇਅਰਸਟੋ 87 ਗੇਂਦਾਂ ਵਿਚ 72 ਦੌੜਾਂ ਬਣਾ ਕੇ ਖੇਡ ਰਹੇ ਹਨ। ਦੋਵਾਂ ਨੇ 197 ਗੇਂਦਾਂ ’ਤੇ 150 ਦੌੜਾਂ ਦੀ ਸਾਂਝੇਦਾਰੀ ਕਰ ਲਈ ਹੈ।

ਇੰਗਲੈਂਡ ਦਾ ਸਕੋਰ ਇਕ ਸਮੇਂ ਬਿਨਾਂ ਕਿਸੇ ਨੁਕਸਾਨ ਦੇ 107 ਦੌੜਾਂ ਸੀ ਪਰ ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਨੇ ਐਲਕਸ ਲੀਸ ਤੇ ਜੈਕ ਕਰਾਊਲੀ 76 ਗੇਂਦਾਂ ’ਤੇ 46 ਦੌੜਾਂ ਬਣਾ ਕੇ ਆਊਟ ਹੋਏ। ਬੇਅਰਸਟੋ ਨੂੰ 14 ਦੇ ਸਕੋਰ ’ਤੇ ਹਨੁਮਾ ਵਿਹਾਰੀ ਨੇ ਜੀਵਨਦਾਨ ਦਿੱਤੇ, ਜਿਹੜਾ ਭਾਰਤ ਲਈ ਮਹਿੰਗਾ ਸਾਬਤ ਹੋਇਆ। ਅਜੇ ਇੰਗਲੈਂਡ ਲਈ ਬੇਨ ਸਟੋਕਸ ਤੇ ਸੈਮ ਬਿਲਿੰਗਸ ਵੀ ਬੱਲੇਬਾਜ਼ੀ ਲਈ ਉਤਰਨੇ ਬਾਕੀ ਹਨ। ਅਜਿਹੇ ਵਿਚ ਭਾਰਤ ਨੂੰ ਜਿੱਤ ਲਈ ਕਿਸੇ ਚਮਤਕਾਰ ਦੀ ਉਮੀਦ ਹੀ ਕਰਨੀ ਪਵੇਗੀ। 

ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਕੋਵਿਡ-19 ਜਾਂਚ 'ਚ ਨੈਗੇਟਿਵ, ਟੀ20 'ਚ ਇਸ ਮੈਚ ਤੋਂ ਹੋਵੇਗੀ ਵਾਪਸੀ

ਭਾਰਤ ਨੇ ਦੂਜੇ ਸੈਸ਼ਨ ਦੇ ਆਖਿਰ ਵਿਚ ਪਹਿਲੀ ਸਫਲਤਾ ਹਾਸਲ ਕੀਤੀ, ਜਦੋਂ ਜਸਪ੍ਰੀਤ ਬੁਮਰਾਹ ਨੇ ਜੈਕ ਕਰਾਊਲੀ ਨੂੰ ਪੈਵੇਲੀਅਨ ਭੇਜਿਆ। ਐਲਕਸ ਰਨ ਆਊਟ ਹੋਇਆ ਜਦਕਿ ਓਲੀ ਪੋਪ ਨੇ ਵਿਕਟਾਂ ਦੇ ਪਿੱਛੇ ਕੈਚ ਦਿੱਤਾ। ਇਸ ਤੋਂ ਬਾਅਦ ਬੇਅਰਸਟੋ ਤੇ ਰੂਟ ਨੇ ਮੋਰਚਾ ਸੰਭਾਲ ਲਿਆ।  ਇਸ ਤੋਂ ਪਹਿਲਾਂ ਰਿਸ਼ਭ ਪੰਤ ਦੇ ਅਰਧ ਸੈਂਕੜੇ ਦੀ ਮਦਦ ਨਾਲ ਭਾਰਤ ਨੇ ਲੰਚ ਤਕ ਬੜ੍ਹਤ 361 ਦੌੜਾਂ ਦੀ ਕਰ ਲਈ ਸੀ। ਕੱਲ ਦੇ ਸਕੋਰ 3 ਵਿਕਟਾਂ ’ਤੇ 125 ਦੌੜਾਂ ਤੋਂ ਅੱਗੇ ਖੇਡਦੇ ਹੋਏ ਚੇਤੇਸ਼ਵਰ ਪੁਜਾਰਾ ਤੇ ਪੰਤ ਨੇ ਆਤਮਵਿਸ਼ਵਾਸ ਨਾਲ ਆਗਾਜ਼ ਕੀਤਾ। ਪੁਜਾਰਾ ਨੇ ਜੇਮਸ ਐਂਡਰਸਨ ਨੂੰ ਲਗਾਤਾਰ ਦੋ ਚੌਕੇ ਲਾਏ। ਪਹਿਲੀ ਪਾਰੀ ਵਿਚ ਹਮਲਾਵਰ ਸੈਂਕੜਾ ਲਾਉਣ ਵਾਲੇ ਪੰਤ ਨੇ ਸੰਭਲ ਕੇ ਪਾਰੀ ਖੇਡੀ। ਖੇਡ ਸ਼ੁਰੂ ਹੋਣ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਤਿੰਨ ਓਵਰ ਪਾਰਟ ਟਾਈਮ ਗੇਂਦਬਾਜ਼ ਜੋ ਰੂਟ ਨੂੰ ਦੇ ਦਿੱਤੇ, ਜਿਸ ਨਾਲ ਪੰਤ ਤੇ ਪੁਜਾਰਾ ਦਾ ਕੰਮ ਆਸਾਨ ਹੋ ਗਿਆ। ਪੁਜਾਰਾ ਨੇ ਸਟੂਅਰਟ ਬ੍ਰਾਡ ਦੀ ਗੇਂਦ ’ਤੇ ਖਰਾਬ ਸ਼ਾਟ ਖੇਡ ਕੇ ਬੈਕਵਰਡ ਪੁਆਇੰਟ ਵਿਚ ਕੈਚ ਦਿੱਤਾ। ਸ਼੍ਰੇਅਸ ਅਈਅਰ ਕੁਝ ਚੰਗੀਆਂ ਸ਼ਾਟਾਂ ਖੇਡਣ ਤੋਂ ਬਾਅਦ ਇਕ ਵਾਰ ਫਿਰ ਸਸਤੇ ਵਿਚ ਆਊਟ ਹੋ ਗਿਆ।

ਇਹ ਵੀ ਪੜ੍ਹੋ : ਸ਼ਤਰੰਜ ਓਲੰਪੀਆਡ ਦੇ ਓਪਨ ਵਰਗ 'ਚ ਤੀਜੀ ਟੀਮ ਉਤਾਰੇਗਾ ਭਾਰਤ

ਇੰਗਲੈਂਡ ਦੇ ਗੇਂਦਬਾਜ਼ਾਂ ਨੇ ਉਸਦੇ ਲਈ ਸ਼ਾਰਟ ਪਿੱਚ ਗੇਂਦਾਂ ਦਾ ਜਾਲ ਵਿਛਾਇਆ, ਜਿਸ ਵਿਚ ਉਹ ਫਸ ਗਿਆ। ਪੰਤ ਨੇ ਇਸ ਵਿਚਾਲੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤੇ ਵਿਦੇਸ਼ੀ ਧਰਤੀ ’ਤੇ ਕਿਸੇ ਟੈਸਟ ਵਿਚ ਸੈਂਕੜਾ ਤੇ ਅਰਧ ਸੈਂਕੜਾ ਬਣਾਉਣ ਵਾਲਾ ਪਹਿਲਾ ਭਾਰਤੀ ਵਿਕਟਕੀਪਰ ਬੱਲੇਬਾਜ਼ ਬਣ ਗਿਆ। 
ਜੈਕ ਲੀਚ ਨੂੰ ਚੌਕਾ ਲਾਉਣ ਤੋਂ ਬਾਅਦ ਪੰਤ ਨੇ ਅਗਲੇ ਓਵਰ ਵਿਚ ਰਿਵਰਸ ਪੂਲ ਖੇਡਿਆ ਪਰ ਪਹਿਲੀ ਸਲਿਪ ਵਿਚ ਰੂਟ ਵਲੋਂ ਕੈਚ ਫੜ ਲਿਆ ਗਿਆ। ਪੁਛੱਲੇ ਬੱਲੇਬਾਜ਼ਾਂ ਵਲੋਂ ਕੋਈ ਜ਼ਿਕਰਯੋਗ ਯੋਗਦਾਨ ਨਹੀਂ ਮਿਲ ਸਕਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News