30 ਸਾਲ ਮਗਰੋਂ ਭਲਕੇ WC 'ਚ ਆਹਮੋ ਸਾਹਮਣੇ ਹੋਣਗੇ ਇੰਗਲੈਂਡ ਤੇ ਪਾਕਿ, ਜਾਣੋ ਕੁਝ ਅਜਿਹੇ ਹੀ ਰੌਚਕ ਅੰਕੜੇ

11/12/2022 2:53:10 PM

ਮੈਲਬੋਰਨ : ਪਾਕਿਸਤਾਨੀ ਟੀਮ ਨੇ 1992 ਵਿੱਚ ਮੈਲਬੋਰਨ ਕ੍ਰਿਕਟ ਗਰਾਊਂਡ ਵਿੱਚ ਇੰਗਲੈਂਡ ਨੂੰ ਹਰਾ ਕੇ ਆਪਣਾ ਪਹਿਲਾ ਵਿਸ਼ਵ ਖਿਤਾਬ ਜਿੱਤਿਆ ਸੀ। ਮੌਜੂਦਾ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਪਾਕਿਸਤਾਨ ਕੋਲ ਇਸ ਨਤੀਜੇ ਨੂੰ ਦੁਹਰਾਉਣ ਦਾ ਮੌਕਾ ਹੋਵੇਗਾ ਜਦਕਿ ਇੰਗਲੈਂਡ ਦੀ ਟੀਮ 30 ਸਾਲ ਪਹਿਲਾਂ ਦੀ ਗਲਤੀ ਸੁਧਾਰਨਾ ਚਾਹੇਗੀ। ਦੋਵੇਂ ਟੀਮਾਂ ਇਕ-ਇਕ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤ ਚੁੱਕੀਆਂ ਹਨ। ਸਾਲ 2009 ਅਤੇ 2010 ਦੀਆਂ ਚੈਂਪੀਅਨ ਟੀਮਾਂ ਵਿਚਕਾਰ ਹੋਣ ਵਾਲੇ ਟੀ20 ਵਿਸ਼ਵ ਕੱਪ 2022 ਦੇ ਫਾਈਨਲ ਮੈਚ ਤੋਂ ਪਹਿਲਾਂ ਕੁਝ ਅੰਕੜੇ ਇਸ ਤਰ੍ਹਾਂ ਹਨ -

1. ਇੰਗਲੈਂਡ ਅਤੇ ਪਾਕਿਸਤਾਨ 30 ਸਾਲ ਬਾਅਦ ਵਿਸ਼ਵ ਕੱਪ ਦੇ ਫਾਈਨਲ 'ਚ ਮੁੜ ਭਿੜਨਗੇ। 

2. ਪਾਕਿਸਤਾਨ ਨੇ MCG ਦੇ ਇਸ ਮੈਦਾਨ 'ਤੇ ਇੰਗਲੈਂਡ ਨੂੰ 22 ਦੌੜਾਂ ਨਾਲ ਹਰਾ ਕੇ 1992 ਵਿੱਚ ਆਪਣਾ ਇੱਕੋ ਇੱਕ ਵਨ-ਡੇ ਵਿਸ਼ਵ ਕੱਪ ਜਿੱਤਿਆ ਸੀ।

3. 1992 ਦੇ ਵਿਸ਼ਵ ਕੱਪ ਵਾਂਗ ਇਸ ਵਾਰ ਵੀ ਪਾਕਿਸਤਾਨ ਦੀ ਟੀਮ ਨਿਊਜ਼ੀਲੈਂਡ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚੀ ਹੈ।

4. ਟੀ-20 ਵਿਸ਼ਵ ਕੱਪ 'ਚ ਇੰਗਲੈਂਡ ਅਤੇ ਪਾਕਿਸਤਾਨ ਦੋ ਵਾਰ ਆਹਮੋ-ਸਾਹਮਣੇ ਹੋ ਚੁੱਕੇ ਹਨ। ਇੰਗਲੈਂਡ ਨੇ ਦੋਵਾਂ ਮੌਕਿਆਂ 'ਤੇ ਜਿੱਤ ਦਾ ਸਵਾਦ ਚੱਖਿਆ ਹੈ।

5. ਵਨਡੇ ਵਿਸ਼ਵ ਕੱਪ 'ਚ ਦੋਵਾਂ ਦੇਸ਼ਾਂ ਦੀਆਂ ਟੀਮਾਂ ਵਿਚਾਲੇ ਹੋਏ 10 ਮੈਚਾਂ 'ਚ ਪਾਕਿਸਤਾਨ 5-4 ਨਾਲ ਅੱਗੇ ਹੈ। ਇੱਕ ਮੈਚ ਦਾ ਕੋਈ ਨਤੀਜਾ ਨਹੀਂ ਨਿਕਲਿਆ।

6. ਦੋਵੇਂ ਟੀਮਾਂ ਸੁਪਰ 12 ਪੜਾਅ ਵਿੱਚ ਕਮਜ਼ੋਰ ਟੀਮਾਂ ਤੋਂ ਹਾਰ ਗਈਆਂ। ਪਾਕਿਸਤਾਨ ਨੂੰ ਜ਼ਿੰਬਾਬਵੇ ਨੇ ਹਰਾਇਆ ਸੀ ਜਦਕਿ ਇੰਗਲੈਂਡ ਨੂੰ ਆਇਰਲੈਂਡ ਨੇ ਹਰਾਇਆ ਸੀ।

ਇਹ ਵੀ ਪੜ੍ਹੋ : ਤਲਾਕ ਦੀਆਂ ਅਫਵਾਹਾਂ ਦਰਮਿਆਨ ਸ਼ੋਏਬ ਮਲਿਕ ਦੀਆਂ ਪਾਕਿ ਅਦਾਕਾਰਾ ਆਇਸ਼ਾ ਉਮਰ ਨਾਲ ਤਸਵੀਰਾਂ ਵਾਇਰਲ

7. ਟੀ-20 ਜਿੱਤ-ਹਾਰ ਦੇ ਮਾਮਲੇ 'ਚ ਇੰਗਲੈਂਡ ਦੀ ਟੀਮ ਪਾਕਿਸਤਾਨ ਤੋਂ 18-9 ਨਾਲ ਅੱਗੇ ਹੈ। ਇੱਕ ਮੈਚ ਦਾ ਨਤੀਜਾ ਨਹੀਂ ਨਿਕਲਿਆ।

8. ਮਸ਼ਹੂਰ ਮੈਲਬੋਰਨ ਕ੍ਰਿਕਟ ਮੈਦਾਨ 'ਤੇ ਦੋਵੇਂ ਦੇਸ਼ਾਂ ਦੀਆਂ ਕਿਸੇ ਵੀ ਟੀਮ ਨੇ ਟੀ-20 ਅੰਤਰਰਾਸ਼ਟਰੀ ਮੈਚ ਨਹੀਂ ਜਿੱਤਿਆ ਹੈ।

9. ਖੇਡ ਦੇ ਇਸ ਸਭ ਤੋਂ ਛੋਟੇ ਅੰਤਰਰਾਸ਼ਟਰੀ ਫਾਰਮੈਟ ਵਿੱਚ ਇੰਗਲੈਂਡ ਦੇ ਖਿਲਾਫ ਪਾਕਿਸਤਾਨ ਦਾ ਸਭ ਤੋਂ ਵੱਧ ਸਕੋਰ 232 ਹੈ ਅਤੇ ਸਭ ਤੋਂ ਘੱਟ ਸਕੋਰ 89 ਦੌੜਾਂ ਹੈ। ਪਾਕਿਸਤਾਨ ਖਿਲਾਫ ਇੰਗਲੈਂਡ ਦੀ ਸਰਵੋਤਮ 221 ਦੌੜਾਂ ਤੇ ਘੱਟੋ-ਘੱਟ 135 ਦੌੜਾਂ ਹਨ।

10. ਕਪਤਾਨ ਬਾਬਰ ਆਜ਼ਮ (560) ਨੇ ਇੰਗਲੈਂਡ ਖਿਲਾਫ ਪਾਕਿਸਤਾਨ ਲਈ ਸਭ ਤੋਂ ਵੱਧ ਟੀ-20 ਅੰਤਰਰਾਸ਼ਟਰੀ ਦੌੜਾਂ ਬਣਾਈਆਂ ਹਨ। ਇੰਗਲੈਂਡ ਖਿਲਾਫ਼ ਉਸ ਦਾ ਸਰਵੋਤਮ ਸਕੋਰ ਇਸ ਸਾਲ ਸਤੰਬਰ 'ਚ ਕਰਾਚੀ 'ਚ 66 ਗੇਂਦਾਂ 'ਤੇ ਅਜੇਤੂ 110 ਦੌੜਾਂ ਦਾ ਹੈ। 
11. ਇੰਗਲੈਂਡ ਖਿਲਾਫ ਪਾਕਿਸਤਾਨ ਲਈ ਸਭ ਤੋਂ ਜ਼ਿਆਦਾ (14) ਵਿਕਟਾਂ ਹਾਰਿਸ ਰਾਊਫ ਨੇ ਲਈਆਂ ਹਨ। ਇੰਗਲੈਂਡ ਵਲੋਂ ਗ੍ਰੀਮ ਸਵਾਨ ਅਤੇ ਆਦਿਲ ਰਾਸ਼ਿਦ 17-17 ਵਿਕਟਾਂ ਲੈ ਕੇ ਸਿਖਰ 'ਤੇ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News