ਏਲਾਵੇਨਿਲ ਨੇ ਚੈੱਕ ਗਣਰਾਜ ''ਚ ਜਿੱਤਿਆ ਸੋਨ ਤਮਗਾ
Saturday, Jul 14, 2018 - 03:33 PM (IST)

ਨਵੀਂ ਦਿੱਲੀ— ਭਾਰਤ ਦੀ ਇਲਾਵੇਨਿਲ ਵਾਲਾਰਿਵਨ ਨੇ ਚੈੱਕ ਗਣਰਾਜ 'ਚ ਚੱਲ ਰਹੇ 28ਵੇਂ ਮੀਟਿੰਗ ਸ਼ੂਟਿੰਗ ਹੋਪਸ ਟੂਰਨਾਮੈਂਟ 'ਚ ਆਪਣੀ ਲੈਅ ਬਰਕਰਾਰ ਰੱਖਦੇ ਹੋਏ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਮੁਕਾਬਲੇ 'ਚ ਸੋਨ ਤਮਗਾ ਆਪਣੇ ਨਾਂ ਕੀਤਾ ਹੈ। ਹਾਲ ਹੀ 'ਚ ਖਤਮ ਹੋਏ ਜੂਨੀਅਰ ਨਿਸ਼ਾਨੇਬਾਜ਼ੀ ਵਿਸ਼ਵ ਕੱਪ 'ਚ ਸੋਨ ਤਮਗਾ ਜਿੱਤਣ ਵਾਲੀ ਐਲਾਵੇਨਿਲ ਨੇ ਚੈਕ ਗਣਰਾਜ ਦੇ ਪਿਲਸਨ ਸਥਿਤ ਮਿਲਿਟ੍ਰੀ ਸ਼ੂਟਿੰਗ ਰੇਂਜ 'ਚ ਚੱਲ ਰਹੇ ਟੂਰਨਾਮੈਂਟ 'ਚ ਵੀ ਕਮਾਲ ਦਾ ਪ੍ਰਦਰਸ਼ਨ ਕੀਤਾ ਅਤੇ ਕੁਆਲੀਫਿਕੇਸ਼ਨ 'ਚ 628 ਅੰਕਾਂ ਦੇ ਨਾਲ ਚੋਟੀ ਦਾ ਸਥਾਨ ਹਾਸਲ ਕੀਤਾ। ਉਨ੍ਹਾਂ ਨੇ 24 ਸ਼ਾਟਸ ਦੇ ਫਾਈਨਲ 'ਚ 250.8 ਦਾ ਸਕੋਰ ਕੀਤਾ ਅਤੇ ਸੋਨ ਤਮਗਾ ਜਿੱਤਿਆ।
10 ਮੀਟਰ ਏਅਰ ਰਾਈਫਲ 'ਚ ਇਕ ਹੋਰ ਭਾਰਤੀ ਸ਼੍ਰੇਆ ਅਗਰਵਾਲ ਨੇ ਵੀ ਅੱਠ ਮਹਿਲਾਵਾਂ ਦੇ ਫਾਈਨਲ 'ਚ ਜਗ੍ਹਾ ਬਣਾਈ ਪਰ 206.6 ਦੇ ਸਕੋਰ ਦੇ ਨਾਲ ਤਮਗੇ ਤੋਂ ਖੁੰਝੀ ਗਈ। ਭਾਰਤ ਨੇ ਜੂਨੀਅਰ ਪੁਰਸ਼ ਵਰਗ 'ਚ 25 ਮੀਟਰ ਪਿਸਟਲ ਮੁਕਾਬਲੇ ਦੇ ਫਾਈਨਲ 'ਚ ਕਲੀਨ ਸਵੀਪ ਕੀਤਾ, ਰਾਜਕੰਵਰ ਸਿੰਘ ਸੰਧੂ ਨੇ ਪ੍ਰੀਸੀਜ਼ਨ ਐਂਡ ਰੈਪਿਡ ਫਾਇਰ ਰਾਊਂਡ 'ਚ 586 ਦੇ ਸਕੋਰ ਦੇ ਨਾਲ ਸੋਨ ਤਮਗਾ ਜਿੱਤਿਆ। ਹੋਰ ਭਾਰਤੀ ਵਿਜੇਵੀਰ ਸੰਧੂ (585) ਨੂੰ ਚਾਂਦੀ ਅਤੇ ਉਧਯਵੀਰ ਸੰਧੂ (582) ਨੂੰ ਕਾਂਸੀ ਤਮਗਾ ਮਿਲਿਆ।