ਅਗਲੇ ਮਹੀਨੇ ਤੋਂ ਲੀਜੈਂਡ ਲੀਗ ਕ੍ਰਿਕਟ ਦਾ ਤੀਜਾ ਸੀਜ਼ਨ, 40 ਸਾਲ ਬਾਅਦ ਕਸ਼ਮੀਰ ''ਚ ਖੇਡਣਗੇ ਮਹਾਨ ਕ੍ਰਿਕਟਰ
Wednesday, Aug 28, 2024 - 04:43 PM (IST)
ਨਵੀਂ ਦਿੱਲੀ—ਸ਼ਿਖਰ ਧਵਨ ਅਤੇ ਦਿਨੇਸ਼ ਕਾਰਤਿਕ ਸਮੇਤ ਕਈ ਦਿੱਗਜ 20 ਸਤੰਬਰ ਤੋਂ ਸ਼ੁਰੂ ਹੋ ਰਹੇ ਲੀਜੈਂਡਜ਼ ਲੀਗ ਕ੍ਰਿਕਟ ਦੇ ਤੀਜੇ ਸੀਜ਼ਨ 'ਚ ਨਜ਼ਰ ਆਉਣਗੇ ਅਤੇ ਲਗਭਗ 40 ਸਾਲ ਬਾਅਦ ਇਹ ਦਿੱਗਜ ਕ੍ਰਿਕਟਰ ਸ਼੍ਰੀਨਗਰ 'ਚ ਖੇਡਣਗੇ। ਲੀਗ ਦੀ ਸ਼ੁਰੂਆਤ 20 ਸਤੰਬਰ ਨੂੰ ਜੋਧਪੁਰ ਦੇ ਬਰਕਤੁੱਲਾ ਖਾਨ ਸਟੇਡੀਅਮ 'ਚ ਹੋਵੇਗੀ। ਇਸ ਵਿੱਚ ਛੇ ਟੀਮਾਂ 25 ਮੈਚ ਖੇਡਣਗੀਆਂ ਅਤੇ ਚੋਟੀ ਦੀਆਂ ਦੋ ਟੀਮਾਂ ਵਿਚਕਾਰ ਫਾਈਨਲ ਮੁਕਾਬਲਾ 16 ਅਕਤੂਬਰ ਨੂੰ ਹੋਵੇਗਾ। ਫਰੈਂਚਾਇਜ਼ੀ ਆਧਾਰਿਤ ਟੂਰਨਾਮੈਂਟ ਵਿੱਚ 200 ਖਿਡਾਰੀਆਂ ਦਾ ਪੂਲ ਬਣਾਇਆ ਗਿਆ ਹੈ। ਇਸ ਦਾ ਫਾਈਨਲ ਸ਼੍ਰੀਨਗਰ ਦੇ ਬਖਸ਼ੀ ਸਟੇਡੀਅਮ 'ਚ ਹੋਵੇਗਾ।
ਐੱਲਐੱਲਸੀ ਦੇ ਸਹਿ-ਸੰਸਥਾਪਕ ਰਮਨ ਰਹੇਜਾ ਨੇ ਕਿਹਾ, 'ਲੀਜੈਂਡਜ਼ ਲੀਗ ਕ੍ਰਿਕਟ ਦਾ ਅਗਲਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਸਾਨੂੰ ਖੁਸ਼ੀ ਹੈ ਕਿ ਇਸ ਵਾਰ ਮੈਚ ਕਸ਼ਮੀਰ ਵਿੱਚ ਵੀ ਹੋਣਗੇ। ਇਹ ਕਸ਼ਮੀਰ ਦੇ ਲੋਕਾਂ ਲਈ 40 ਸਾਲਾਂ ਬਾਅਦ ਸਟੇਡੀਅਮ ਵਿੱਚ ਲਾਈਵ ਕ੍ਰਿਕਟ ਦੇਖਣ ਦਾ ਮੌਕਾ ਹੋਵੇਗਾ।
ਆਯੋਜਕਾਂ ਨੇ ਕਿਹਾ ਕਿ ਲੀਗ ਨੂੰ ਪਿਛਲੇ ਸੀਜ਼ਨ ਵਿੱਚ ਭਾਰਤ ਵਿੱਚ 18 ਕਰੋੜ ਲੋਕਾਂ ਨੇ ਦੇਖਿਆ ਸੀ। ਪਿਛਲੀ ਵਾਰ ਸੁਰੇਸ਼ ਰੈਨਾ, ਆਰੋਨ ਫਿੰਚ, ਮਾਰਟਿਨ ਗੁਪਟਿਲ, ਭਾਰਤ ਦੇ ਮੌਜੂਦਾ ਕੋਚ ਗੌਤਮ ਗੰਭੀਰ, ਕ੍ਰਿਸ ਗੇਲ, ਹਾਸ਼ਿਮ ਅਮਲਾ, ਰੋਸ ਟੇਲਰ ਵਰਗੇ ਦਿੱਗਜਾਂ ਨੇ ਇਸ ਵਿੱਚ ਹਿੱਸਾ ਲਿਆ ਸੀ। ਲੀਗ ਲਈ ਖਿਡਾਰੀਆਂ ਦੀ ਨਿਲਾਮੀ ਵੀਰਵਾਰ ਨੂੰ ਇੱਥੇ ਹੋਵੇਗੀ।