ਦੁਤੀ ਚੰਦ ਨੇ 100 ਮੀਟਰ ਮੁਕਾਬਲੇ ''ਚ ਗੋਲਡ ਮੈਡਲ ਕੀਤਾ ਆਪਣੇ ਨਾਂ

03/01/2020 10:37:13 AM

ਭੁਬਨੇਸ਼ਵਰ : ਭਾਰਤ ਦੀ ਚੋਟੀ ਦੀ ਮਹਿਲਾ ਦੌੜਾਕ ਦੁਤੀ ਚੰਦ ਨੇ ਸ਼ਨਿਚਰਵਾਰ ਨੂੰ ਇੱਥੇ 100 ਮੀਟਰ ਮੁਕਾਬਲੇ ਵਿਚ ਗੋਲਡ ਮੈਡਲ ਆਪਣੇ ਨਾਂ ਕੀਤਾ ਜਦਕਿ ਲੰਬੀ ਦੂਰੀ ਦੇ ਦੌੜਾਕ ਨਰਿੰਦਰ ਪ੍ਰਤਾਪ ਸਿੰਘ ਨੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਵਿਚ ਦੂਜਾ ਸੋਨੇ ਦਾ ਤਮਗਾ ਜਿੱਤਿਆ। ਇਹ ਦੁਤੀ ਦੀ ਸਾਲ ਦੀ ਪਹਿਲੀ ਰੇਸ ਹੈ। 24 ਸਾਲ ਦੀ ਇਹ ਅਥਲੀਟ ਆਪਣੇ ਕਲਿੰਗਾ ਇੰਸਟੀਟਿਊਟ ਆਫ ਇੰਡਸਟ੍ਰੀਅਲ ਟੈਕਨਾਲਜੀ ਦੀ ਨੁਮਾਇੰਦਗੀ ਕਰ ਰਹੀ ਹੈ। ਉਨ੍ਹਾਂ ਨੇ ਤੇਜ਼ੀ ਨਾਲ ਬੜ੍ਹਤ ਬਣਾਈ ਤੇ 11.49 ਸਕਿੰਟ ਦੇ ਸਮੇਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਉਥੇ ਮੈਂਗਲੁਰੂ ਯੂਨੀਵਰਸਿਟੀ ਦੀ ਧਨਲਕਸ਼ਮੀ ਐੱਸ ਨੇ 11.99 ਸਕਿੰਟ ਦੇ ਸਮੇਂ ਨਾਲ ਸਿਲਵਰ ਜਦਕਿ ਮਹਾਤਮਾ ਗਾਂਧੀ ਯੂਨੀਵਰਸਿਟੀ ਦੀ ਸਨੇਹਾ ਐੱਸਐੱਸ ਨੇ 12.08 ਸਕਿੰਟ ਨਾਲ ਕਾਂਸੇ ਦਾ ਮੈਡਲ ਜਿੱਤਿਆ। ਦੁਤੀ ਇੱਥੇ 200 ਮੀਟਰ ਦੇ ਮੁਕਾਬਲੇ ਵਿਚ ਵੀ ਹਿੱਸਾ ਲਵੇਗੀ। ਭਾਰਤੀਦਾਸਨ ਯੂਨੀਵਰਸਿਟੀ ਦੇ ਜੀ ਕਾਥੀਰਾਵਨ ਨੇ ਫੋਟੋ ਫਿਨਿਸ਼ ਰਾਹੀਂ ਐੱਮ ਕਾਰਤੀਕੇਨ ਨੂੰ ਪਛਾੜ ਕੇ ਮਰਦ 100 ਮੀਟਰ ਮੁਕਾਬਲਾ ਜਿੱਤਿਆ। ਦੋਵਾਂ ਨੇ 10.68 ਸਕਿੰਟ ਦਾ ਸਮਾਂ ਲਿਆ ਸੀ। ਮਰਦਾਂ ਦੀ 5000 ਮੀਟਰ ਰੇਸ ਵਿਚ ਨਰਿੰਦਰ ਪ੍ਰਤਾਪ ਸਿੰਘ (ਮੰਗਲੂਰ ਯੂਨੀਵਰਸਿਟੀ) ਨੇ ਗੋਲਡ ਮੈਡਲ ਹਾਸਲ ਕੀਤਾ ਜੋ ਉਨ੍ਹਾਂ ਦਾ ਇਨ੍ਹਾਂ ਖੇਡਾਂ ਵਿਚ ਦੂਜਾ ਸੋਨੇ ਦਾ ਮੈਡਲ ਹੈ। ਉਨ੍ਹਾਂ ਨੇ 5000 ਮੀਟਰ ਦੇ ਆਪਣੇ ਯੂਨੀਵਰਸਿਟੀ ਰਿਕਾਰਡ ਨੂੰ ਤੋੜ ਕੇ ਇਹ ਸਥਾਨ ਹਾਸਲ ਕੀਤਾ। ਨਰਿੰਦਰ ਪ੍ਰਤਾਪ ਸਿੰਘ ਨੇ 10000 ਮੀਟਰ ਵਿਚ ਵੀ ਪਹਿਲਾ ਸਥਾਨ ਹਾਸਲ ਕੀਤਾ ਸੀ। ਖੇਲੋ ਇੰਡੀਆ ਯੂਨੀਵਰਸਿਲਟੀ ਖੇਡਾਂ ਵਿਚ ਹਿੱਸਾ ਲੈਣਾ ਸ਼ਾਨਦਾਰ ਰਿਹਾ। ਮੈਂ ਗੋਲਡ ਮੈਡਲ ਵੀ ਜਿੱਤ ਲਿਆ। ਮੈਂ ਨਤੀਜੇ ਤੋਂ ਕਾਫੀ ਖ਼ੁਸ਼ ਹਾਂ।


Tarsem Singh

Content Editor

Related News