ਸ਼੍ਰੀਲੰਕਾ ਦੌਰੇ ਦੌਰਾਨ ਦ੍ਰਾਵਿੜ ਹੋਣਗੇ ਭਾਰਤੀ ਟੀਮ ਦੇ ਮੁੱਖ ਕੋਚ

Wednesday, Jun 09, 2021 - 05:23 PM (IST)

ਸਪੋਰਟਸ ਡੈਸਕ : ਨੈਸ਼ਨਲ ਕ੍ਰਿਕਟ ਅਕੈਡਮੀ (ਐੱਨ. ਸੀ. ਏ.) ਦੇ ਮੁਖੀ ਅਤੇ ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਮੁੱਖ ਕੋਚ ਵਜੋਂ ਜੁਲਾਈ ’ਚ ਸ਼੍ਰੀਲੰਕਾ ਦੇ ਦੌਰੇ ਉੱਤੇ ਇੰਡੀਆ-ਏ ਟੀਮ ਨਾਲ ਜਾਣਗੇ। ਟੀਮ ਦੇ ਕੋਚਿੰਗ ਸਟਾਫ ’ਚ ਵੀ ਉਨ੍ਹਾਂ ਦੇ ਐੱਨ. ਸੀ. ਏ. ਦੇ ਸਾਥੀ ਮੈਂਬਰ ਵੀ ਸ਼ਾਮਲ ਹੋਣਗੇ। ਇਹ ਸਮਝਿਆ ਜਾਂਦਾ ਹੈ ਕਿ ਸ਼੍ਰੀਲੰਕਾ ਦੇ ਦੌਰੇ ’ਤੇ ਜਾਣ ਵਾਲੀ ਭਾਰਤੀ ਟੀਮ ਨੂੰ 13 ਜੁਲਾਈ ਨੂੰ ਪਹਿਲੇ ਵਨ ਡੇ ਤੋਂ ਪਹਿਲਾਂ ਤਿਆਰ ਕਰਨ ਲਈ ਘੱਟੋ-ਘੱਟ ਇਕ ਹਫਤੇ ਦਾ ਸਮਾਂ ਦਿੱਤਾ ਜਾਵੇਗਾ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਪਹਿਲਾਂ ਬੈਂਗਲੁਰੂ ’ਚ ਇੱਕ ਸਿਖਲਾਈ ਕੈਂਪ ਦੀ ਮੇਜ਼ਬਾਨੀ ਕਰਨ ਬਾਰੇ ਸੋਚਿਆ ਸੀ ਪਰ ਕੋਰੋਨਾ ਕਾਰਨ ਵਿਗੜਦੀ ਸਥਿਤੀ ਤੇ ਲਗਾਤਾਰ ਲੱਗਦੇ ਲਾਕਡਾਊਨ ਨੇ ਇਸ ਸੰਭਾਵਨਾ ਨੂੰ ਖਤਮ ਕਰ ਦਿੱਤਾ।

ਜਾਣਕਾਰੀ ਦੇ ਅਨੁਸਾਰ ਭਾਰਤੀ ਟੀਮ ਦੌਰੇ ਲਈ ਰਵਾਨਾ ਹੋਣ ਤੋਂ ਪਹਿਲਾਂ ਕੁਆਰੰਟਾਈਨ ’ਚ ਰਹੇਗੀ ਤੇ ਲੋੜ ਪੈਣ ’ਤੇ ਸ਼੍ਰੀਲੰਕਾ ਪਹੁੰਚਣ ’ਤੇ ਵੀ ਉਸ ਨੂੰ ਏਕਾਂਤਵਾਸ ’ਚ ਰਹਿਣਾ ਪੈ ਸਕਦਾ ਹੈ, ਜੋ ਸ਼੍ਰੀਲੰਕਾ ਦੇ ਬਾਇਓ-ਪ੍ਰੋਟੋਕੋਲ ’ਤੇ ਨਿਰਭਰ ਕਰਦਾ ਹੈ।
ਇਸ ਦਰਮਿਆਨ ਮੰਗਲਵਾਰ ਤੱਕ ਸ਼੍ਰੀਲੰਕਾ ਦੇ ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਭਾਰਤ, ਵੀਅਤਨਾਮ, ਦੱਖਣੀ ਅਫਰੀਕਾ ਅਤੇ ਦੱਖਣੀ ਅਮਰੀਕੀ ਦੇਸ਼ਾਂ ਦੇ ਉਨ੍ਹਾਂ ਲੋਕਾਂ ਨੂੰ ਸਿਰਫ ਇਕ ਹੀ ਦਿਨ ਦੇ ਕੁਆਰੰਟਾਈਨ ’ਚ ਰਹਿਣਾ ਪਵੇਗਾ, ਜਿਨ੍ਹਾਂ ਨੇ ਕੋਰੋਨਾ ਟੀਕੇ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਕੀਤੀਆਂ ਹਨ। ਇਹ ਨਿਯਮ 30 ਜੂਨ ਤੱਕ ਲਾਗੂ ਹਨ।

ਹੁਕਮ ’ਚ ਇਹ ਵੀ ਕਿਹਾ ਗਿਆ ਹੈ ਕਿ ਦਿਸ਼ਾ-ਨਿਰਦੇਸ਼ 30 ਜੂਨ ਤੋਂ ਬਾਅਦ ਬਦਲ ਸਕਦੇ ਹਨ ਅਤੇ ਭਾਰਤੀ ਟੀਮ ਦੇ ਸ਼੍ਰੀਲੰਕਾ ਰਵਾਨਾ ਹੋਣ ਤਕ ਵੱਖ ਵੱਖ ਨਿਯਮ ਲਾਗੂ ਹੋ ਸਕਦੇ ਹਨ । ਉਨ੍ਹਾਂ ਲੋਕਾਂ ਲਈ ਵੀ ਵੱਖਰੇ ਨਿਯਮ ਲਾਗੂ ਹੋ ਸਕਦੇ ਹਨ, ਜਿਨ੍ਹਾਂ ਨੂੰ ਵੈਕਸੀਨ ਦੀ ਇਕ ਹੀ ਡੋਜ਼ ਲੱਗੀ ਹੈ। ਭਾਰਤੀ ਟੀਮ ਦੇ ਸਾਰੇ ਮੈਂਬਰਾਂ ਨੂੰ ਰਵਾਨਗੀ ਤੋਂ ਪਹਿਲਾਂ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਆਪਣੇ ਨਾਲ ਰੱਖਣੀ ਪਵੇਗੀ ਅਤੇ ਸ਼੍ਰੀਲੰਕਾ ਪਹੁੰਚਣ 'ਤੇ ਇਸ ਨੂੰ ਦਿਖਾਉਣਾ ਹੋਵੇਗਾ। ਇਸ ਤੋਂ ਬਾਅਦ ਹੋਟਲ ’ਚ ਇਕ ਦਿਨ ਦੇ ਕੁਆਰੰਟਾਈਨ ਤੋਂ ਬਾਅਦ ਉਨ੍ਹਾਂ ਨੂੰ ਫਿਰ ਤੋਂ ਨੈਗੇਟਿਵ ਆਉਣਾ ਹੋਵੇਗਾ।

ਸ਼੍ਰੀਲੰਕਾ ਦੌਰੇ ਦੇ ਮੱਦੇਨਜ਼ਰ ਬੀ. ਸੀ. ਸੀ. ਆਈ. ਨੇ ਪਹਿਲਾਂ ਹੀ ਖਿਡਾਰੀਆਂ ਨੂੰ ਟੀਕਾ ਲਗਵਾਉਣ ਦੀ ਸਲਾਹ ਦਿੱਤੀ ਸੀ ਪਰ ਟੀਮ ਦੇ ਕਿੰਨੇ ਮੈਂਬਰ ਰਵਾਨਗੀ ਤੋਂ ਪਹਿਲਾਂ ਦੋਵੇਂ ਖੁਰਾਕਾਂ ਲੈਣ ਦੇ ਯੋਗ ਹਨ, ਇਹ ਵੇਖਣਾ ਹੋਵੇਗਾ। ਉਥੇ ਹੀ ਟੀਮ ਚੁਣਨ ਲਈ ਚੋਣ ਕਮੇਟੀ ਦੀ ਬੈਠਕ ਦੀ ਤਰੀਕ ਬਾਰੇ ਕੋਈ ਜਾਣਕਾਰੀ ਨਹੀਂ ਹੈ, ਹਾਲਾਂਕਿ ਇਹ ਜਲਦ ਹੋਣ ਦੀ ਉਮੀਦ ਹੈ। ਸਮਝਿਆ ਜਾਂਦਾ ਹੈ ਕਿ ਸ਼ਿਖਰ ਧਵਨ ਨੂੰ ਕਪਤਾਨੀ ਸੌਂਪੀ ਜਾ ਸਕਦੀ ਹੈ, ਜਦਕਿ ਸ਼੍ਰੇਅਸ ਅਈਅਰ ਦੀ ਉਪਲੱਬਧਤਾ ਅਜੇ ਵੀ ਅਸਪੱਸ਼ਟ ਹੈ।


Manoj

Content Editor

Related News