ਵਿਅਕਤੀ ਵਿਸ਼ੇਸ਼ ਦੀ ਜਗ੍ਹਾ ਟੀਮ ਲਈ ਵਿਸ਼ਵ ਕੱਪ ਜਿੱਤਣਾ ਚਾਹੁੰਦੈ ਦ੍ਰਾਵਿੜ

Saturday, Jun 29, 2024 - 12:14 PM (IST)

ਨਵੀਂ ਦਿੱਲੀ– ਭਾਰਤੀ ਟੀਮ ਅੱਜ ਭਾਵ ਸ਼ਨੀਵਾਰ ਨੂੰ ਖਿਤਾਬੀ ਟੱਕਰ ਵਿਚ ਮੈਦਾਨ ’ਤੇ ਉਤਰੇਗੀ ਤਾਂ ਕੋਚ ਦੇ ਤੌਰ ’ਤੇ ਇਸ ਟੀਮ ਦੇ ਨਾਲ ਰਾਹੁਲ ਦ੍ਰਾਵਿੜ ਦਾ ਇਹ ਆਖਰੀ ਮੈਚ ਹੋਵੇਗਾ। ਦ੍ਰਾਵਿੜ ਦਾ ਕਰਾਰ ਬੀਤੇ ਨਵੰਬਰ ਮਹੀਨੇ ਵਿਚ ਵਨ ਡੇ ਵਿਸ਼ਵ ਕੱਪ ਤੋਂ ਬਾਅਦ ਤੋਂ ਹੀ ਖਤਮ ਹੋ ਗਿਆ ਸੀ ਪਰ ਟੀਮ ਮੈਨੇਜਮੈਂਟ ਨੇ ਟੀ-20 ਵਿਸ਼ਵ ਕੱਪ ਤਕ ਉਸ ਨੂੰ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਅਪੀਲ ਕੀਤੀ ਸੀ।
ਟੀ-20 ਵਿਸ਼ਵ ਕੱਪ ਦੇ ਭਾਰਤੀ ਪ੍ਰਸਾਰਕ ਨੇ ਸੋਸ਼ਲ ਮੀਡੀਆ ’ਤੇ ‘ਡੂ ਟੂ ਫਾਰ ਦ੍ਰਾਵਿੜ’ (ਦ੍ਰਾਵਿੜ ਲਈ ਕਰੋ) ਦੀ ਮੁਹਿੰਮ ਚਲਾਈ ਹੈ, ਜਿਸ ਨੂੰ ਕ੍ਰਿਕਟ ਜਗਤ ਤੇ ਪ੍ਰਸ਼ੰਸਕਾਂ ਦਾ ਸਮਰਥਨ ਮਿਲ ਰਿਹਾ ਹੈ ਪਰ 51 ਸਾਲਾ ਦ੍ਰਾਵਿੜ ਇਸ ਵਿਸ਼ਵ ਪੱਧਰੀ ਖਿਤਾਬ ਨੂੰ ਕਿਸੇ ਵਿਅਕਤੀ ਲਈ ਨਹੀਂ ਸਗੋਂ ਟੀਮ ਲਈ ਜਿੱਤਣਾ ਚਾਹੁੰਦਾ ਹੈ। ਦ੍ਰਾਵਿੜ ਲਈ ਵਿਸ਼ਵ ਕੱਪ ਜਿੱਤਣਾ ਕੋਈ ਵਿਅਕਤੀਗਤ ਮਾਣ ਦਾ ਪਲ ਨਹੀਂ ਹੋਵੇਗਾ ਇਹ ਟੀਮ ਦੀ ਉਪਲੱਬਧੀ ਹੋਵੇਗੀ। ਉਸਦੇ ਮੁਤਾਬਕ ਭਾਰਤ ਜੇਕਰ ਵਿਸ਼ਵ ਚੈਂਪੀਅਨ ਬਣਦਾ ਹੈ ਤਾਂ ਇਹ ਟੀਮ ਦੀ ਕੋਸ਼ਿਸ਼ ਤੇ ਰੋਹਿਤ ਸ਼ਰਮਾ ਦੀ ਪ੍ਰੇਰਣਾਦਾਇਕ ਕਪਤਾਨੀ ਦਾ ਨਤੀਜਾ ਹੋਵੇਗਾ।
ਦ੍ਰਾਵਿੜ ਨੇ ਆਪਣੇ ਵਿਚਾਰਾਂ ਨੂੰ ਸਪੱਸ਼ਟ ਕਰਦੇ ਹੋਏ ਕਿਹਾ ਕਿ ਮੈਂ ਸਿਰਫ ਚੰਗੀ ਕ੍ਰਿਕਟ ਖੇਡਣਾ ਚਾਹੁੰਦਾ ਹਾਂ। ਮੈਂ ਇਸ ਗੱਲ ਵਿਰੁੱਧ ਹਾਂ ਕਿ ਟੀਮ ਨੂੰ ਇਸ ਨੂੰ ਕਿਸੇ ਵਿਅਕਤੀ ਵਿਸ਼ੇਸ਼ ਲਈ ਕਰਨਾ ਚਾਹੀਦਾ ਹੈ। ਮੈਂ ਇਸਦੇ ਬਾਰੇ ਵਿਚ ਗੱਲ ਨਹੀਂ ਕਰਨਾ ਚਾਹੁੰਦਾ ਤੇ ਨਾ ਹੀ ਇਸ ’ਤੇ ਚਰਚਾ ਕਰਨਾ ਚਾਹੁੰਦਾ ਹਾਂ।
ਉਸ ਨੇ ਇਸ ਮੌਕੇ ’ਤੇ ਉਸ ਘਟਨਾ ਦਾ ਜ਼ਿਕਰ ਕੀਤਾ ਜਿਸ ਨਾਲ ਉਸ ਨੂੰ ਪਿਛਲੇ ਕਈ ਸਾਲਾਂ ਤੋਂ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨ ਦੀ ਪ੍ਰੇਰਣਾ ਮਿਲੀ ਹੈ। ਉਸ ਨੇ ਕਿਹਾ ਕਿ ਮੈਂ ‘ਕਿਸੇ ਲਈ ਕੁਝ ਕਰੋ’ ਉੱਤੇ ਭਰੋਸਾ ਨਹੀਂ ਰੱਖਦਾ ਹਾਂ। ਮੈਨੂੰ ਉਹ ਉਦਾਹਰਣ ਬਹੁਤ ਪਸੰਦ ਹੈ ਜਿਸ ਵਿਚ ਕੋਈ ਵਿਅਕਤੀ ਕਿਸੇ ਹੋਰ ਤੋਂ ਪੁੱਛ ਰਿਹਾ ਹੈ, ‘ਤੁਸੀਂ ਮਾਊਂਟ ਐਵਰੈਸਟ ਉੱਪਰ ਕਿਉਂ ਚੜ੍ਹਨਾ ਚਾਹੁੰਦੇ ਹੋ’ ਤੇ ਉਹ ਕਹਿੰਦਾ ਹੈ ‘ਮੈਂ ਮਾਊਂਟ ਐਵਰੈਸਟ ’ਤੇ ਚੜ੍ਹਨਾ ਚਾਹੁੰਦਾ ਹਾਂ ਕਿਉਂਕਿ ਉੱਥੇ ‘ਮਾਊਂਟ ਐਵਰੈਸਟ’ ਹੈ।’’ ਭਾਰਤੀ ਕੋਚ ਨੇ ਕਿਹਾ,‘‘ਮੈਂ ਇਹ ਵਿਸ਼ਵ ਕੱਪ ਜਿੱਤਣਾ ਚਾਹੁੰਦਾ ਹਾਂ ਕਿਉਂਕਿ ਇਹ ਇੱਥੇ ਹੈ। ਇਹ ਕਿਸੇ (ਵਿਅਕਤੀ ਵਿਸ਼ੇਸ਼) ਲਈ ਨਹੀਂ ਹੈ, ਇਹ ਸਿਰਫ ਜਿੱਤਣ ਲਈ ਹੈ।’’


Aarti dhillon

Content Editor

Related News