ਪਾਕਿ ਹੀ ਨਹੀਂ ਅਫਗਾਨਿਸਤਾਨ ''ਤੇ ਵੀ ਰੱਖੋ ਨਜ਼ਰਾਂ : ਦ੍ਰਾਵਿੜ
Friday, Sep 21, 2018 - 10:50 PM (IST)

ਨਵੀਂ ਦਿੱਲੀ— ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਾਵਿੜ ਕ੍ਰਿਕਟ ਜਗਤ ਦੀ ਉੱਭਰਦੀ ਹੋਈ ਟੀਮ ਅਫਗਾਨਿਸਤਾਨ ਦਾ ਖਤਰਾ ਮਹਿਸੂਸ ਕਰਨ ਲੱਗਾ ਹੈ ਤੇ ਉਸਦਾ ਮੰਨਣਾ ਹੈ ਕਿ ਏਸ਼ੀਆ ਕੱਪ ਵਿਚ ਭਾਰਤ ਨੂੰ ਸਿਰਫ ਪੁਰਾਣੇ ਵਿਰੋਧੀ ਪਾਕਿਸਤਾਨ 'ਤੇ ਹੀ ਨਹੀਂ ਸਗੋਂ ਅਫਗਾਨਿਸਤਾਨ 'ਤੇ ਵੀ ਨਜ਼ਰਾਂ ਰੱਖਣੀਆਂ ਚਾਹੀਦੀਆਂ ਹਨ। ਦੁਨੀਆ ਦੇ ਸਭ ਤੋਂ ਬਿਹਤਰੀਨ ਬੱਲੇਬਾਜ਼ਾਂ ਵਿਚ ਸ਼ਾਮਲ ਤੇ ਭਾਰਤੀ-ਏ ਟੀਮ ਦੇ ਕੋਚ ਦ੍ਰਾਵਿੜ ਨੇ ਸ਼ੁੱਕਰਵਾਰ ਨੂੰ ਇੱਥੇ ਕਿਹਾ ਕਿ ਅਫਗਾਨਿਸਤਾਨ ਦੀ ਟੀਮ ਇਸ ਸਮੇਂ ਏਸ਼ੀਆ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ ਤੇ ਉਸ ਨੇ ਆਪਣੇ ਪ੍ਰਦਰਸ਼ਨ ਨਾਲ ਦੂਜੀਆਂ ਟੀਮਾਂ ਨੂੰ ਹੈਰਾਨ ਕੀਤਾ ਹੈ।
ਦ੍ਰਾਵਿੜ ਨੇ ਕਿਹਾ, ''ਸਾਨੂੰ ਏਸ਼ੀਆ ਕੱਪ ਵਿਚ ਸਿਰਫ ਪੁਰਾਣੇ ਵਿਰੋਧੀ ਪਾਕਿਸਤਾਨ ਦੇ ਬਾਰੇ ਵਿਚ ਹੀ ਇਕੱਲਾ ਨਹੀਂ ਸੋਚਣਾ ਚਾਹੀਦਾ। ਭਾਰਤੀ ਟੀਮ ਨੂੰ ਦੇਖਣਾ ਚਾਹੀਦਾ ਹੈ ਕਿ ਦੂਜੀਆਂ ਟੀਮਾਂ ਖਾਸ ਤੌਰ 'ਤੇ ਅਫਗਾਨਿਸਤਾਨ ਕਾਫੀ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ ਤੇ ਸੁਪਰ-4 ਵਿਚ ਉਸ ਤੋਂ ਸਾਵਧਾਨ ਰਹਿਣ ਦੀ ਲੋੜ ਹੈ।'' ਅਫਗਾਨਿਸਤਾਨ ਨੇ ਏਸ਼ੀਆ ਕੱਪ ਵਿਚ ਹੁਣ ਤਕ ਸ਼੍ਰੀਲੰਕਾ ਨੂੰ 91 ਦੌੜਾਂ ਨਾਲ ਤੇ ਬੰਗਲਾਦੇਸ਼ ਨੂੰ 136 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਤੇ ਸੁਪਰ-4 ਵਿਚ ਜਗ੍ਹਾ ਬਣਾਈ ਹੈ।
ਰਾਜਨੀਤੀ 'ਚ ਕੋਈ ਦਿਲਚਸਪੀ ਨਹੀਂ
ਦ੍ਰਾਵਿੜ ਨੇ ਇੱਥੇ ਸਪੱਸ਼ਟ ਕੀਤਾ ਕਿ ਉਸਦੀ ਰਾਜਨੀਤੀ ਵਿਚ ਦਿਲਚਸਪੀ ਨਹੀਂ ਹੈ। ਉਸਦਾ 2019 ਵਿਚ ਹੋਣ ਵਾਲੀਆਂ ਆਮ ਚੋਣਾਂ ਵਿਚ ਉਤਰਨ ਦਾ ਕੋਈ ਇਰਾਦਾ ਨਹੀਂ ਹੈ। ਇਹ ਸਾਬਕਾ ਭਾਰਤੀ ਕਪਤਾਨ ਉਦੋਂ ਆਪਣਾ ਹਾਸਾ ਨਹੀਂ ਰੋਕ ਸਕਿਆ, ਜਦੋਂ ਉਸ ਤੋਂ ਪੁੱਛਿਆ ਗਿਆ ਕਿ ਕੀ ਕਿਸੇ ਪਾਰਟੀ ਨੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਵਿਚ ਉਸ ਨੂੰ ਉਮੀਦਵਾਰ ਬਣਾਉਣ ਲਈ ਉਸ ਨਾਲ ਸੰਪਰਕ ਕੀਤਾ ਹੈ। ਦ੍ਰਾਵਿੜ ਨੇ ਹੱਸਦੇ ਹੋਏ ਕਿਹਾ, ''ਕਿਸੇ ਨੇ ਮੇਰੇ ਨਾਲ ਸੰਪਰਕ ਨਹੀਂ ਕੀਤਾ ਤੇ ਮੇਰੀ ਇਸ ਵਿਚ ਦਿਲਚਸਪੀ ਵੀ ਨਹੀਂ ਹੈ। ਅਸਲ ਵਿਚ ਮੇਰੀ ਰਾਜਨੀਤੀ ਵਿਚ ਹੀ ਕੋਈ ਦਿਲਚਸਪੀ ਨਹੀਂ ਹੈ।''