ਜੋਕੋਵਿਚ 9ਵੀਂ ਵਾਰ ਆਸਟਰੇਲੀਅਨ ਓਪਨ ਦੇ ਫਾਈਨਲ ’ਚ
Friday, Feb 19, 2021 - 02:32 AM (IST)
ਮੈਲਬੋਰਨ– ਵਿਸ਼ਵ ਦੇ ਨੰਬਰ ਇਕ ਖਿਡਾਰੀ, ਟਾਪ ਸੀਡ ਤੇ 8 ਵਾਰ ਦੇ ਜੇਤੂ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਰੂਸੀ ਕੁਆਲੀਫਾਇਰ ਅਸਲਾਨ ਕਰਾਤਸੇਵ ਦੀ ਸੁਨਹਿਰੀ ਮੁਹਿੰਮ ਦਾ ਵੀਰਵਾਰ ਨੂੰ ਲਗਾਤਾਰ ਸੈੱਟਾਂ ਵਿਚ 6-3, 6-4, 6-2 ਦੀ ਜਿੱਤ ਦੇ ਨਾਲ ਅੰਤ ਕਰਦੇ ਹੋਏ 9ਵੀਂ ਵਾਰ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਜੋਕੋਵਿਚ ਨੇ ਰਾਡ ਲੇਵਰ ਏਰੇਨਾ ਵਿਚ ਕਰਾਤਸੇਵ ਨੂੰ ਇਕ ਘੰਟਾ 53 ਮਿੰਟ ਵਿਚ ਹਰਾ ਦਿੱਤਾ।
ਜੋਕੋਵਿਚ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ 'ਚ 114ਵੇਂ ਨੰਬਰ ਦੇ ਖਿਡਾਰੀ ਕਰਾਤਸੇਵ ਦਾ ਆਪਣੇ ਗ੍ਰੈਂਡ ਸਲੈਮ ਡੈਬਿਊ ਵਿਚ ਫਾਈਨਲ ਵਿਚ ਪਹੁੰਚਣ ਵਾਲਾ ਪਹਿਲਾ ਖਿਡਾਰੀ ਬਣਨ ਦਾ ਸੁਪਨਾ ਤੋੜ ਦਿੱਤਾ।
ਜੋਕੋਵਿਚ ਦਾ ਫਾਈਨਲ ਵਿਚ 5ਵਾਂ ਦਰਜਾ ਪ੍ਰਾਪਤ ਯੂਨਾਨ ਦੇ ਸਿਤਸਿਪਾਸ ਤੇ ਚੌਥੀ ਸੀਡ ਰੂਸ ਦੇ ਡੇਨੀਅਲ ਮੇਦਵੇਦੇਵ ਵਿਚਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਮੁਕਾਬਲਾ ਹੋਵੇਗਾ। ਸਿਤਸਿਪਾਸ ਨੇ ਕੁਆਰਟਰ ਫਾਈਨਲ ਵਿਚ ਵਿਸ਼ਵ ਦੇ ਦੂਜੇ ਨੰਬਰ ਦੇ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੂੰ ਕੱਲ ਚਾਰ ਘੰਟੇ ਪੰਜ ਮਿੰਟ ਤਕ ਚੱਲੇ ਮੈਰਾਥਨ ਮੁਕਾਬਲੇ ਵਿਚ 3-6, 2-6, 7-6, 6-4, 7-5 ਨਾਲ ਹਰਾਇਆ ਸੀ।
ਜੋਕੋਵਿਚ ਇਸਦੇ ਨਾਲ ਹੀ ਆਪਣੇ ਕਰੀਅਰ ਦੇ 28ਵੇਂ ਗ੍ਰੈਂਡ ਸਲੈਮ ਫਾਈਨਲ ਵਿਚ ਪਹੁੰਚ ਗਿਆ। 34 ਸਾਲਾ ਜੋਕੋਵਿਚ ਨੇ ਐਸ ਲਾ ਕੇ ਮੈਚ ਖਤਮ ਕੀਤਾ ਤੇ ਹੁਣ ਉਹ ਆਪਣਾ 18ਵਾਂ ਗ੍ਰੈਂਡ ਸਲੈਮ ਖਿਤਾਬ ਜਿੱਤਣ ਤੋਂ ਸਿਰਫ ਇਕ ਜਿੱਤ ਦੂਰ ਰਹਿ ਗਿਆ ਹੈ। ਸਵਿਸਟਜ਼ਰਲੈਂਡ ਦੇ ਰੋਜਰ ਫੈਡਰਰ ਤੇ ਸਪੇਨ ਦੇ ਰਾਫੇਲ ਨਡਾਲ ਨੇ 20-20 ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ। ਜੋਕੋਵਿਚ ਨੇ 2021 ਵਿਚ 8 ਮੈਚ ਲਗਾਤਾਰ ਜਿੱਤ ਲਏ ਹਨ। ਫਾਈਨਲ ਵਿਚ ਉਸਦੇ ਸਾਹਮਣੇ ਮੇਦਵੇਦੇਵ ਜਾਂ ਸਿਤਸਿਪਾਸ ਹੋਵੇਗਾ। ਜੋਕੋਵਿਚ ਦਾ ਮੇਦਵੇਦੇਵ ਵਿਰੁੱਧ ਕਰੀਅਰ ਰਿਕਾਰਡ 4-3 ਤੇ ਸਿਤਸਿਪਾਸ ਵਿਰੁੱਧ 4-2 ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।