100ਵੀਂ ਗ੍ਰਾਸ ਕੋਰਟ ਜਿੱਤ ਨਾਲ ਜੋਕੋਵਿਚ ਸੈਮੀਫਾਈਨਲ ’ਚ
Wednesday, Jul 07, 2021 - 11:44 PM (IST)
ਲੰਡਨ- ਵਿਸ਼ਵ ਦੇ ਨੰਬਰ-1 ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਹੰਗਰੀ ਦੇ ਮਾਰਟਨ ਫੁਕਸੋਵਿਕਸ ਨੂੰ ਲਗਾਤਾਰ ਹਰਾ ਕੇ ਸਾਲ ਦੇ ਤੀਜੇ ਗਰੈਂਡ ਸਲੈਮ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਸੈਮੀਫਾਈਨਲ ’ਚ ਪ੍ਰਵੇਸ਼ ਕਰ ਲਿਆ। ਜੋਕੋਵਿਚ ਦੀ ਇਹ 100ਵੀਂ ਗ੍ਰਾਸ ਕੋਰਟ ਜਿੱਤ ਹੈ। ਜੋਕੋਵਿਚ ਨੇ ਫੁਕਸੋਵਿਕਸ ਨੂੰ 6-3, 6-4, 6-4 ਨਾਲ ਹਰਾ ਕੇ 41ਵੀਂ ਵਾਰ ਕਿਸੇ ਗਰੈਂਡ ਸਲੈਮ ਟੂਰਨਾਮੈਂਟ ਦੇ ਆਖਰੀ 4 ’ਚ ਜਗ੍ਹਾ ਬਣਾਈ, ਜਿੱਥੇ ਉਨ੍ਹਾਂ ਦਾ ਮੁਕਾਬਲਾ 10ਵੀਂ ਸੀਡ ਕੈਨੇਡਾ ਦੇ ਡੇਨਿਸ ਸ਼ਾਪੋਵਾਲੋਵ ਨਾਲ ਹੋਵੇਗਾ, ਜਿਨ੍ਹਾਂ ਨੇ 25ਵੀਂ ਸੀਡ ਰੂਸ ਦੇ ਕਾਰੇਨ ਖਾਚਾਨੋਵ ਨੂੰ 5 ਸੈੱਟਾਂ ਦੇ ਮੈਰਾਥਨ ਮੁਕਾਬਲੇ ’ਚ 6-4, 3-6, 5-7, 6-1, 6-4 ਨਾਲ ਹਰਾ ਕੇ ਪਹਿਲੀ ਵਾਰ ਕਿਸੇ ਗਰੈਂਡ ਸਲੈਮ ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ।
ਇਹ ਖ਼ਬਰ ਪੜ੍ਹੋ- ਕੋਲੰਬੀਆ ਨੂੰ ਹਰਾ ਕੇ ਅਰਜਨਟੀਨਾ ਕੋਪਾ ਅਮਰੀਕਾ ਦੇ ਫਾਈਨਲ ’ਚ
ਸ਼ਾਪੋਵਾਲੋਵ ਇਸ ਤੋਂ ਪਹਿਲਾਂ ਪਿਛਲੇ ਸਾਲ ਯੂ. ਐੱਸ. ਓਪਨ ਦੇ ਕੁਆਰਟਰ ਫਾਈਨਲ ਤੱਕ ਪਹੁੰਚੇ ਸਨ। ਜੋਕੋਵਿਚ ਦੇ ਵਿਰੁੱਧ ਫੁਕਸੋਵਿਕਸ ਨੇ ਮੈਚ ਤਾਂ ਲਗਾਤਾਰ ਸੈੱਟਾਂ ਵਿਚ ਗੁਆਇਆ ਪਰ ਇਸ ਦੌਰਾਨ ਉਨ੍ਹਾਂ ਨੇ ਕੁਝ ਵਧੀਆ ਸ਼ਾਟਸ ਖੇਡ ਕੇ ਦਰਸ਼ਕਾਂ ਨੂੰ ਤਾੜੀਆਂ ਵਜਾਉਣ ਦੇ ਲਈ ਮਜ਼ਬੂਰ ਕੀਤਾ। ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਦੇ ਕੁਆਰਟਰ ਫਾਈਨਲ ਵਿਚ ਖੇਡ ਰਹੇ ਫੁਕਸੋਵਿਕਸ ਦੀ ਗਰਲਫ੍ਰੈਂਡ ਵੀ ਇਹ ਮੈਚ ਦੇਖਣ ਦੇ ਲਈ ਦਰਸ਼ਕਾਂ ਦੇ ਵਿਚ ਮੌਜੂਦ ਸੀ ਪਰ ਉਸਦੇ ਕੋਲ ਅਜਿਹਾ ਖੇਡ ਨਹੀਂ ਸੀ ਜੋ ਜੋਕੋਵਿਚ ਨੂੰ ਰੋਕ ਸਕਦਾ ਸੀ। ਜੋਕੋਵਿਚ ਨੇ ਮੈਚ ਜਿੱਤਣ ਤੋਂ ਬਾਅਦ ਆਪਣੇ ਵੱਖਰੇ ਅੰਦਾਜ਼ ਵਿਚ ਦਰਸ਼ਕਾਂ ਨੂੰ ਵਧਾਈ ਦਿੱਤੀ। ਜੋਕੋਵਿਚ ਦੀ ਇਸ ਸੈਸ਼ਨ ਵਿਚ 35 ਮੈਚਾਂ ਵਿਚ ਇਹ 32ਵੀਂ ਜਿੱਤ ਸੀ। ਇਸ ਜਿੱਤ ਵਿਚ ਆਸਟਰੇਲੀਅਨ ਓਪਨ ਅਤੇ ਫ੍ਰੈਂਚ ਓਪਨ ਦੇ ਖਿਤਾਬ ਸ਼ਾਮਲ ਹਨ। ਜੋਕੋਵਿਚ 10ਵੀਂ ਵਾਰ ਵਿੰਬਲਡਨ ਦੇ ਸੈਮੀਫਾਈਨਲ ਵਿਚ ਪਹੁੰਚੇ ਹਨ ਤੇ ਇਸ ਕ੍ਰਮ ਵਿਚ ਉਹ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ (13 ਵਾਰ) ਅਤੇ ਅਮਰੀਕਾ ਦੇ ਜਿਮੀ ਕੋਨਰਸ (11 ਵਾਰ) ਤੋਂ ਬਾਅਦ ਤੀਜੇ ਨੰਬਰ 'ਤੇ ਆ ਗਏ ਹਨ।
ਇਹ ਖ਼ਬਰ ਪੜ੍ਹੋ- ਟੀ20 ਰੈਂਕਿੰਗ : ਕੋਹਲੀ ਨੇ 5ਵਾਂ ਸਥਾਨ ਬਰਕਰਾਰ ਰੱਖਿਆ, ਰਾਹੁਲ 6ਵੇਂ ’ਤੇ ਪੁੱਜੇ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।