ਜੋਕੋਵਿਚ 8ਵੀਂ ਵਾਰ ਆਸਟਰੇਲੀਅਨ ਓਪਨ ਤੇ 17ਵੇਂ ਗ੍ਰੈਂਡ ਸਲੈਮ ਖਿਤਾਬ ਦੇ ਨਾਲ ਨੰਬਰ-1

02/02/2020 7:18:32 PM

ਮੈਲਬੋਰਨ : ਸਾਬਕਾ ਚੈਂਪੀਅਨ ਸਰਬੀਆ ਦੇ ਨੋਵਾਕ ਜੋਕੋਵਿਚ ਨੇ ਪੰਜਵੀਂ ਸੀਡ ਆਸਟਰੀਆ ਦੇ ਡੋਮਿਨਿਕ ਥਿਏਮ ਦੀ ਸਖਤ ਚੁਣੌਤੀ 'ਤੇ 5 ਸੈੱਟਾਂ ਦੇ ਮੈਰਾਥਨ ਸੰਘਰਸ਼ ਵਿਚ ਐਤਵਾਰ ਨੂੰ 6-4, 4-6, 2-6, 6-3, 6-4 ਨਾਲ ਕਾਬੂ ਪਾਉਂਦਿਆਂ 8ਵੀਂ ਵਾਰ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਦਾ ਖਿਤਾਬ ਜਿੱਤ ਲਿਆ। ਜੋਕੋਵਿਚ ਦਾ ਇਹ 17ਵਾਂ ਗ੍ਰੈਂਡ ਸਲੈਮ ਖਿਤਾਬ ਹੈ ਤੇ ਇਸ ਖਿਤਾਬ ਦੇ ਨਾਲ ਉਹ ਵਿਸ਼ਵ ਰੈਂਕਿੰਗ ਵਿਚ ਫਿਰ ਤੋਂ ਨੰਬਰ ਇਕ ਖਿਡਾਰੀ ਬਣ ਗਿਆ। ਦੂਜੀ ਸੀਡ ਜੋਕੋਵਿਚ ਨੇ 3 ਘੰਟੇ 59 ਮਿੰਟ ਤਕ ਚੱਲੇ ਮੁਕਾਬੇਲ ਵਿਚ ਥਿਏਮ ਨੂੰ ਪਹਿਲੀ ਵਾਰ ਗ੍ਰੈਂਡ ਸਲੈਮ ਖਿਤਾਬ ਜਿੱਤਣ ਤੋਂ ਵਾਂਝਾ ਕਰ ਦਿੱਤਾ। ਗ੍ਰੈਂਡ ਸਲੈਮ ਖਿਤਾਬਾਂ ਦੀ ਆਲ ਟਾਈਮ ਸੂਚੀ ਵਿਚ ਰਾਫੇਲ ਨਡਾਲ (19) ਤੇ ਸਵਿਟਜ਼ਰਲੈਂਡ ਦਾ ਰੋਡਰ ਫੈਡਰਰ (20) ਉਸ ਤੋਂ ਅੱਗੇ ਹਨ। ਸੋਮਵਾਰ ਨੂੰ ਜਾਰੀ ਹੋਣ ਵਾਲੀ ਨਵੀਂ ਰੈਂਕਿੰਗ ਵਿਚ ਜੋਕੋਵਿਚ ਫਿਰ ਤੋਂ ਚੋਟੀ ਦਾ ਸਥਾਨ ਹਾਸਲ ਕਰ ਲਵੇਗਾ।

PunjabKesari

5 ਸੈੱਟਾਂ ਦੇ ਮੈਰਾਥਨ ਮੈਨ ਦੇ ਨਾਂ ਨਾਲ ਮਸ਼ਹੂਰ ਜੋਕੋਵਿਚ ਨੇ ਮੁਕਾਬਲੇ ਵਿਚ ਪਹਿਲਾ ਸੈੱਟ ਜਿੱਤਿਆ ਪਰ ਫਿਰ ਅਗਲੇ ਦੋ ਸੈੱਟ ਥੀਏਮ ਨੂੰ ਗੁਆ ਬੈਠਾ। ਇਸ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਥਿਏਮ ਉਲਟਫੇਰ ਕਰ ਜਾਵੇਗਾ ਤੇ ਆਪਣਾ ਪਹਿਲਾ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਿਚ ਕਾਮਯਾਬ ਹੋਵੇਗਾ। ਥਿਏਮ ਨੇ ਕੁਆਰਟਰ ਫਾਈਨਲ ਵਿਚ ਵਿਸ਼ਵ ਦੇ ਨੰਬਰ ਇਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਨੂੰ ਹਰਾਇਆ ਸੀ। 26 ਸਾਲਾ ਥਿਏਮ ਦਾ ਇਹ ਪਹਿਲਾ ਆਸਟਰੇਲੀਅਨ ਓਪਨ ਫਾਈਨਲ ਤੇ ਤੀਜਾ ਗ੍ਰੈਂਡ ਸਲੈਮ ਫਾਈਨਲ ਸੀ। ਉਹ ਇਸ ਤੋਂ ਪਹਿਲਾਂ 2018 ਤੇ 2019 ਵਿਚ ਫ੍ਰੈਂਚ ਓਪਨ ਦੇ ਫਾਈਨਲ ਵਿਚ ਨਡਾਲ ਹੱਥੋਂ ਹਾਰਿਆ ਸੀ ਤੇ ਮੈਲਬੋਰਨ ਵਿਚ ਉਸਦਾ ਸੁਪਨਾ ਜੋਕੋਵਿਚ ਨੇ ਤੋੜ ਦਿੱਤਾ। ਜੋਕੋਵਿਚ ਦਾ ਇਸ ਸੈਸ਼ਨ ਵਿਚ 13-0 ਦਾ ਮੈਚ ਰਿਕਾਰਡ ਹੋ ਗਿਆ ਹੈ। ਉਸ ਨੇ ਇਸ ਟੂਰਨਾਮੈਂਟ ਵਿਚ ਪਹਿਲੇ ਰਾਊਂਡ ਵਿਚ ਜਿਹੜੀ ਜਿੱਤ ਹਾਸਲ ਕੀਤੀ ਸੀ, ਉਹ ਉਸ ਦੇ ਕਰੀਅਰ ਦੀ 900ਵੀਂ ਜਿੱਤ ਸੀ। ਇਸ ਖਿਤਾਬੀ ਜਿੱਤ ਦੇ ਨਾਲ ਉਸ ਨੇ 26 ਗ੍ਰੈਂਡ ਸਲੈਮ ਫਾਈਨਲ ਵਿਚ ਆਪਣਾ ਰਿਕਾਰਡ 17-9 ਕਰ ਲਿਆ ਹੈ। ਥਿਏਮ ਕੋਲ ਇਸ ਮੁਕਾਬਲੇ ਵਿਚ ਖਿਤਾਬ ਜਿੱਤਣ ਤੇ ਕਰੀਅਰ ਰੈਂਕਿੰਗ ਵਿਚ ਤੀਜੇ ਨੰਬਰ 'ਤੇ ਜਾਣ ਦਾ ਪੂਰਾ ਮੌਕਾ ਸੀ ਪਰ 32 ਸਾਲਾ ਜੋਕੋਵਿਚ ਵਿਰੁੱਧ ਉਹ ਕਰੀਅਰ ਦਾ 11ਵਾਂ ਮੁਕਾਬਲਾ ਹਾਰ ਗਿਆ। ਜੋਕੋਵਿਚ ਨੇ ਹੁਣ ਥਿਏਮ ਵਿਰੁੱਧ 7-4 ਦਾ ਰਿਕਾਰਡ ਕਰ ਲਿਆ ਹੈ। ਜੋਕਵਿਚ ਦਾ ਸੋਮਵਾਰ ਤੋਂ ਨੰਬਰ ਇਕ ਰੈਂਕਿੰਗ 'ਤੇ 276ਵਾਂ ਖਤਮ ਸ਼ੁਰੂ ਹੋਵੇਗਾ। ਉਸ ਤੋਂ ਅੱਗੇ ਇਸ ਮਾਮਲੇ ਵਿਚ ਅਮਰੀਕਾ ਦੇ ਪੀਟ ਸਮਪ੍ਰਾਸ਼ (286 ਹਫਤੇ) ਤੇ ਫੈਡਰਰ (310 ਹਫਤੇ) ਹਨ।


Related News