French Open 2020: ਜੋਕੋਵਿਚ ਲਗਾਤਾਰ 11ਵੇਂ ਸਾਲ ਚੌਥੇ ਦੌਰ ''ਚ ਪੁੱਜੇ
Sunday, Oct 04, 2020 - 03:08 PM (IST)

ਪੈਰਿਸ (ਭਾਸ਼ਾ) : ਸਿਖਰ ਦਰਜਾ ਪ੍ਰਾਪਤ ਨੋਵਾਕ ਜੋਕੋਵਿਚ ਨੇ ਸ਼ਨੀਵਾਰ ਨੂੰ ਇੱਥੇ 153ਵੀਂ ਰੈਂਕਿੰਗ 'ਤੇ ਕਾਬਿਜ ਡੈਨੀਅਲ ਇਲਾਹੀ ਗਾਲਾਨ ਨੂੰ ਹਰਾ ਕੇ ਲਗਾਤਾਰ 11ਵੇਂ ਸਾਲ ਫਰੈਂਚ ਓਪਨ ਟੈਨਿਸ ਗਰੈਂਡਸਲੈਮ ਟੂਰਨਾਮੈਂਟ ਦੇ ਚੌਥੇ ਦੌਰ ਵਿਚ ਪ੍ਰਵੇਸ਼ ਕੀਤਾ। ਸਰਬਿਆਈ ਸਟਾਰ ਜੋਕੋਵਿਚ ਨੇ 6-0, 6-3, 6-2, ਦੀ ਜਿੱਤ ਨਾਲ 'ਬਿੱਗ ਥਰੀ' ਵਿਚ ਆਪਣੇ ਵਿਰੋਧੀਆਂ ਰਾਫੇਲ ਨਡਾਲ ਅਤੇ ਰੋਜਰ ਫੈਡਰਰ ਦੇ ਲਗਾਤਾਰ 11ਵੇਂ ਸਾਲ ਚੌਥੇ ਦੌਰ ਵਿਚ ਪੁੱਜਣ ਦੇ ਰਿਕਾਰਡ ਦੀ ਬਰਾਬਰੀ ਕੀਤੀ। ਜੋਕੋਵਿਚ ਦਾ ਇਸ ਤਰ੍ਹਾਂ 2020 ਵਿਚ ਜਿੱਤ ਦਾ ਰਿਕਾਰਡ 34-1 ਹੋ ਗਿਆ ਹੈ। ਉਹ ਇੱਥੇ ਦੂਜਾ ਫਰੈਂਚ ਓਪਨ ਖ਼ਿਤਾਬ ਅਤੇ 18ਵਾਂ ਗਰੈਂਡਸਲੈਮ ਜਿੱਤਣ ਦੀ ਕੋਸ਼ਿਸ਼ ਵਿਚ ਜੁਟੇ ਹਨ। ਹੁਣ ਸੋਮਵਾਰ ਨੂੰ ਉਨ੍ਹਾਂ ਦਾ ਸਾਹਮਣਾ 15ਵੇਂ ਨੰਬਰ ਦੇ ਕਾਰੇਨ ਖਾਚਾਨੋਵ ਨਾਲ ਹੋਵੇਗਾ। ਸ਼ਨੀਵਾਰ ਨੂੰ ਅੰਤਮ ਮੈਚ ਵਿਚ 57ਵੀਂ ਰੈਂਕਿੰਗ ਦੀ ਡੈਨੀਅਲ ਕੋਲਿੰਸ ਨੇ ਮਹਿਲਾ ਏਕਲ ਮੁਕਾਬਲੇ ਵਿਚ 2016 ਦੀ ਫਰੈਂਚ ਓਪਨ ਚੈਂਪੀਅਨ ਗਾਰਬਾਇਨ ਮੁਗੁਰੂਜਾ ਨੂੰ 7-5, 2-6, 6-4 ਨਾਲ ਮਾਤ ਦਿੱਤੀ।