ਅਟਲਾਂਟਾ ਓਪਨ : ਸ਼ਰਨ-ਜੋਨਾਥਨ ਦੀ ਜੋੜੀ ਕੁਆਰਟਰ ਫਾਈਨਲ 'ਚ, ਰਾਮਕੁਮਾਰ ਹਾਰੇ
Friday, Jul 26, 2019 - 12:48 PM (IST)

ਨਵੀਂ ਦਿੱਲੀ— ਦਿਵਿਜ ਸ਼ਰਨ ਅਤੇ ਜੋਨਾਥਨ ਐਰਲਿਚ ਦੀ ਜੋੜੀ ਏ.ਟੀ.ਪੀ. ਅਟਲਾਂਟਾ ਓਪਨ ਦੇ ਕੁਆਰਟਰ ਫਾਈਨਲ 'ਚ ਪਹੁੰਚ ਗਈ। ਸ਼ਰਨ-ਜੋਨਾਥਨ ਨੇ ਪਹਿਲੇ ਦੌਰ 'ਚ ਮਿਓਮਿਰ ਕੇਚਮਾਨੋਵਿਚ ਅਤੇ ਰਾਬਰਟ ਲਿੰਡਸਟੇਡ ਦੀ ਜੋੜੀ ਨੂੰ 2-6, 6-3, 13-11 ਹਰਾਇਆ। ਹੁਣ ਉਨ੍ਹਾਂ ਦਾ ਸਾਹਮਣਾ ਬ੍ਰਾਇਨ ਭਰਾਵਾਂ ਮਾਈਕ ਅਤੇ ਬਾਬ ਦੀ ਜੋੜੀ ਨਾਲ ਹੋਵੇਗਾ। ਜੋੜੀ ਦੇ ਰੂਪ 'ਚ 100 ਤੋਂ ਵੱਧ ਏ.ਟੀ.ਪੀ. ਖਿਤਾਬ ਜਿੱਤਣ ਵਾਲੇ ਬ੍ਰਾਇਨ ਭਰਾਵਾਂ ਨੇ ਪਹਿਲੇ ਦੌਰ 'ਚ ਕ੍ਰਿਸਟੋਫਰ ਯੁਬੈਂਕਸ ਅਤੇ ਡੋਨਾਲਡ ਯੰਗ ਦੀ ਸਾਥੀ ਅਮਰੀਕੀ ਜੋੜੀ ਨੂੰ 6-4, 6-2 ਨਾਲ ਹਰਾਇਆ। ਲਿਏਂਡਰ ਪੇਸ ਅਤੇ ਉਨ੍ਹਾਂ ਦੇ ਜੋੜੀਦਾਰ ਮਾਰੀਅਸ ਕੋਪਿਲ ਦੀ ਬ੍ਰਿਟੇਨ ਦੇ ਟੇਲਰ ਫ੍ਰਿਟਜ਼ ਅਤੇ ਅਮਰੀਕਾ ਦੇ ਕੈਮਰਨ ਨੋਰੀ ਦੇ ਹੱਥੋਂ 6-7 (2), 4-6 ਨਾਲ ਹਾਰ ਝਲਣੀ ਪਈ। ਸਿੰਗਲ 'ਚ ਪ੍ਰਜਨੇਸ਼ ਗੁਣੇਸ਼ਵਰਨ ਵੀ ਪਹਿਲੇ ਹੀ ਦੌਰ 'ਚ ਹਾਰ ਕੇ ਬਾਹਰ ਹੋ ਗਏ ਸਨ।
ਰਾਮਕੁਮਾਰ ਨੂੰ ਦੂਜੇ ਹੀ ਦੌਰ 'ਚ ਮਿਲੀ ਹਾਰ
ਰਾਮਕੁਮਾਰ ਰਾਮਨਾਥਨ ਨੂੰ ਪਹਿਲਾ ਸੈਟ ਜਿੱਤਣ ਦੇ ਬਾਵਜੂਦ ਬਿਨਗੈਮਟਨ ਚੈਲੰਜਰ ਦੇ ਦੂਜੇ ਹੀ ਦੌਰ 'ਚ ਆਪਣੇ ਤੋਂ ਘੱਟ ਰੈਂਕਿੰਗ ਵਾਲੇ ਅਮਰੀਕਾ ਦੇ ਵਾਈਲਡ ਕਾਰਡ ਧਾਰਕ ਐਲੇਕਜ਼ੈਂਡਰ ਰਿਚਰਡ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪਹਿਲੇ ਦੌਰ 'ਚ ਬਾਈ ਮਿਲਣ ਵਾਲੇ ਦੂਜਾ ਦਰਜਾ ਪ੍ਰਾਪਤ ਰਾਮਕੁਮਾਰ ਨੂੰ ਦੁਨੀਆ ਦੇ 443ਵੇਂ ਨੰਬਰ ਦੇ ਰਿਚਾਈ ਤੋਂ 6-2, 6-7 (3), 2-6 ਨਾਲ ਹਾਰ ਮਿਲੀ। ਕਰੀਅਰ ਦੀ ਸਰਵਸ੍ਰੇਸ਼ਠ 167ਵੀਂ ਰੈਂਕਿੰਗ ਅਤੇ ਚੰਗੀ ਫਾਰਮ ਦੇ ਨਾਲ ਪਹੁੰਚੇ ਰਾਮਕੁਮਾਰ ਦੀ ਹਾਰ ਹੈਰਾਨ ਕਰਨ ਵਾਲੀ ਹੈ।