ਵਿਸ਼ਵ ਕੱਪ ''ਚ ਧੋਨੀ ਹੋਵੇਗਾ ਮੁੱਖ ਕਿਰਦਾਰ : ਰੋਹਿਤ
Friday, Jan 11, 2019 - 01:10 AM (IST)
ਸਿਡਨੀ- ਭਾਰਤੀ ਸੀਮਤ ਓਵਰ ਸਵਰੂਪ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦਾ ਸਮਰਥਨ ਕਰਦਿਆਂ ਕਿਹਾ ਹੈ ਕਿ ਇੰਗਲੈਂਡ ਵਿਚ ਇਸ ਸਾਲ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਕੱਪ ਵਿਚ ਟੀਮ ਲਈ ਉਸਦਾ ਤਜਰਬਾ ਅਹਿਮ ਭੂਮਿਕਾ ਨਿਭਾਏਗਾ। 37 ਸਾਲਾ ਧੋਨੀ ਆਸਟਰੇਲੀਆ ਵਿਰੁੱਧ 12 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਸੀਮਤ ਓਵਰ ਸੀਰੀਜ਼ ਲਈ ਭਾਰਤੀ ਟੀਮ ਵਿਚ ਵਾਪਸੀ ਕਰ ਰਿਹਾ ਹੈ। ਹਾਲਾਂਕਿ ਮੌਜੂਦਾ ਸਮੇਂ ਵਿਚ ਉਹ ਖਰਾਬ ਫਾਰਮ ਵਿਚੋਂ ਲੰਘ ਰਿਹਾ ਹੈ, ਜਿਸ ਨਾਲ ਟੀਮ ਵਿਚ ਉਸਦੀ ਭੂਮਿਕਾ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ ਪਰ ਰੋਹਿਤ ਨੇ ਧੋਨੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸਦਾ ਤਜਰਬਾ ਟੀਮ ਲਈ ਬੇਹੱਦ ਖਾਸ ਹੈ।
ਆਪਣੀ ਬੇਟੀ ਦੇ ਜਨਮ ਤੋਂ ਬਾਅਦ ਆਸਟਰੇਲੀਆ ਪਰਤੇ ਰੋਹਿਤ ਨੇ ਇੱਥੇ ਪੱਤਰਕਾਰ ਸੰਮੇਲਨ ਵਿਚ ਕਿਹਾ, ''ਪਿਛਲੇ ਕੁਝ ਸਾਲਾਂ ਵਿਚ ਸਾਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਡ੍ਰੈਸਿੰਗ ਰੂਮ 'ਚ ਤੇ ਮੈਦਾਨ 'ਤੇ ਉਸਦੀ ਮੌਜੂਦਗੀ ਦੇ ਕੀ ਮਾਇਨੇ ਹਨ। ਜਦੋਂ ਉਹ ਟੀਮ ਵਿਚ ਹੁੰਦਾ ਹੈ ਤਾਂ ਇਕ ਵੱਖਰੇ ਤਰ੍ਹਾਂ ਦਾ ਮਾਹੌਲ ਟੀਮ ਵਿਚ ਹੁੰਦਾ ਹੈ, ਜਿਹੜਾ ਬਹੁਤ ਜ਼ਰੂਰੀ ਹੈ।''
ਰੋਹਿਤ ਨੇ ਧੋਨੀ ਦੇ ਤਜਰਬੇ ਨੂੰ ਮਹੱਤਵਪੂਰਨ ਦੱਸਦਿਆਂ ਕਿਹਾ, ''ਧੋਨੀ ਨੇ ਕਈ ਵਾਰ ਭਾਰਤੀ ਟੀਮ ਦੀ ਕਪਤਾਨੀ ਕੀਤੀ ਹੈ ਤੇ ਸਫਲ ਵੀ ਰਿਹਾ ਹੈ। ਉਸਦੀ ਟੀਮ ਨਾਲ ਮੌਜੂਦਗੀ ਵੀ ਸਾਡੇ ਲਈ ਸਭ ਤੋਂ ਅਹਿਮ ਹੈ ਕਿਉਂਕਿ ਉਸਦੇ ਕੋਲ ਵੱਡਾ ਤਜਰਬਾ ਹੈ। ਉਹ ਟੀਮ ਦੇ ਮਾਰਗਦਰਸ਼ਕ ਦੀ ਭੂਮਿਕਾ ਨਿਭਾਉਂਦਾ ਹੈ।'' ਭਾਰਤ ਤੇ ਆਸਟਰੇਲੀਆ ਸਿਡਨੀ ਵਿਚ ਸ਼ਨੀਵਾਰ ਨੂੰ ਪਹਿਲੇ ਵਨ ਡੇ ਮੈਚ ਲਈ ਉਤਰਨਗੀਆਂ।
