ਧੋਨੀ ਨੇ 100 ਪਰਿਵਾਰਾਂ ਲਈ ਦਿੱਤੇ ਇਕ ਲੱਖ ਰੁਪਏ, ਪ੍ਰਸ਼ੰਸਕ ਭੜਕੇ

Saturday, Mar 28, 2020 - 02:40 AM (IST)

ਧੋਨੀ ਨੇ 100 ਪਰਿਵਾਰਾਂ ਲਈ ਦਿੱਤੇ ਇਕ ਲੱਖ ਰੁਪਏ, ਪ੍ਰਸ਼ੰਸਕ ਭੜਕੇ

ਪੁਣੇ- ਭਾਰਤ ਦੇ ਸਾਬਕਾ ਕਪਤਾਨ ਤੇ ਦੁਨੀਆ ਦੇ ਸਭ ਤੋਂ ਅਮੀਰ ਕ੍ਰਿਕਟਰਾਂ ਵਿਚ ਸ਼ਾਮਲ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੇ ਕੋਰੋਨਾ ਵਾਇਰਸ ਕਾਰਣ ਦੇਸ਼ ਵਿਚ ਲਾਕਡਾਊਨ ਦੌਰਾਨ ਦਿਹਾੜੀ ਮਜ਼ਦੂਰਾਂ ਲਈ ਇਕ ਲੱਖ ਰੁਪਏ ਦੀ ਮਦਦ ਦਿੱਤੀ ਹੈ, ਜਿਸ ਨਾਲ ਉਸ ਨੂੰ ਸਖਤ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵਿਸ਼ਵ ਪੱਧਰੀ ਮਹਾਮਾਰੀ ਕੋਰੋਨਾ ਵਾਇਰਸ ਕਾਰਣ ਭਾਰਤ ਸਰਕਾਰ ਨੇ ਦੇਸ਼ ਵਿਚ 21 ਦਿਨਾਂ ਦੇ ਲਾਕਡਾਊਨ ਦਾ ਐਲਾਨ ਕੀਤਾ ਹੈ, ਜਿਹੜਾ 14 ਅਪ੍ਰੈਲ ਤਕ ਚੱਲੇਗਾ ਪਰ ਇਸ ਦੌਰਾਨ ਦੇਸ਼ ਵਿਚ ਲੱਖਾਂ ਦਿਹਾੜੀ ਮਜ਼ਦੂਰ ਹਨ, ਜਿਹੜੇ ਹਰ ਰੋਜ਼ ਕਮਾ ਕੇ ਘਰ ਚਲਾਉਂਦੇ ਸਨ ਤੇ ਲਾਕਡਾਊਨ ਕਾਰਣ ਉਨ੍ਹਾਂ ਦਾ ਕੰਮਕਾਰ ਠੱਪ ਹੋ ਗਿਆ ਹੈ। ਧੋਨੀ ਨੇ ਅਜਿਹੇ ਲੋਕਾਂ ਦੀ ਮਦਦ ਲਈ ਪੁਣੇ ਦੇ ਇਕ ਗੈਰ-ਸਰਕਾਰੀ ਸੰਗਠਨ ਮੁਕੁਲ ਮਾਧਵ ਫਾਊਂਡੇਸ਼ਨ ਪਬਲਿਕ ਚੈਰੀਟੇਬਲ ਟਰੱਸਟ ਨੂੰ ਇਕ ਲੱਖ ਰੁਪਏ ਦੀ ਮਦਦ ਦਿੱਤੀ। ਹਾਲਾਂਕਿ ਧੋਨੀ ਮਦਦ ਦੇਣ ਦੇ ਬਾਵਜੂਦ ਲੋਕਾਂ ਦੇ ਨਿਸ਼ਾਨੇ 'ਤੇ ਆ ਗਿਆ ਹੈ। ਸੋਸ਼ਲ ਮੀਡੀਆ 'ਤੇ ਲੋਕਾਂ ਨੇ ਇਕ ਲੱਖ ਰੁਪਏ ਦੀ ਮਾਮੂਲੀ ਰਾਸ਼ੀ ਦਾਨ ਦੇਣ ਨੂੰ ਲੈ ਕੇ ਧੋਨੀ 'ਤੇ ਸਵਾਲ ਖੜ੍ਹੇ ਕੀਤੇ ਹਨ ਤੇ ਉਸ ਨੂੰ ਕਾਫੀ ਸਾਰੀਆਂ ਖਰੀਆਂ-ਖੋਟੀਆਂ ਸੁਣਾਈਆਂ। ਇਕ ਟਵਿਟਰ ਯੂਜ਼ਰ ਨੇ ਕਿਹਾ, ''ਧੋਨੀ ਦੀ ਨੈੱਟ ਕਮਾਈ ਤਕਰੀਬਨ 800 ਕਰੋੜ ਰੁਪਏ ਹੈ ਪਰ ਉਸ ਨੇ ਪੁਣੇ ਵਿਚ 100 ਪਰਿਵਾਰਾਂ ਦੀ ਮਦਦ ਲਈ ਸਿਰਫ ਇਕ ਲੱਖ ਰੁਪਏ ਦਿੱਤੇ ਹਨ।''
ਅਜਿਹੇ ਹੀ ਇਕ ਹੋਰ ਯੂਜ਼ਰ ਨੇ ਲਿਖਿਆ, ''ਧੋਨੀ ਜਿਸ ਦੀ ਕਮਾਈ 800 ਕਰੋੜ ਹੈ, ਉਸ ਨੇ ਇਕ ਲੱਖ ਰੁਪਏ ਦੀ ਵੱਡੀ ਮਦਦ ਦੀ ਪੇਸ਼ਕਸ਼ ਕੀਤੀ ਹੈ। ਕਿਸੇ ਨੇ ਸਹੀ ਕਿਹਾ ਹੈ ਕਿ ਪੈਸਾ ਤੁਹਾਨੂੰ ਕੰਜੂਸ ਬਣਾ ਦਿੰਦਾ ਹੈ। ਅੱਜ ਇਹ ਦੇਖਣ ਨੂੰ ਮਿਲਿਆ।'' ਧੋਨੀ ਦੇ ਇਕ ਪ੍ਰਸ਼ੰਸਕ ਨੇ ਲਿਖਿਆ, ''ਮੈਂ ਧੋਨੀ ਦਾ ਪ੍ਰਸ਼ੰਸਕ ਹਾਂ ਪਰ ਜਦੋਂ ਉਸ ਨੇ ਇਕ ਲੱਖ ਰੁਪਏ ਦਾਨ ਦਿੱਤੇ ਤਾਂ ਮੈਂ ਉਹ ਪਹਿਲਾ ਇਨਸਾਨ ਸੀ, ਜਿਸ ਨੂੰ ਇਹ ਸੁਣ ਕੇ ਕਾਫੀ ਦੁੱਖ ਹੋਇਆ।''
ਇਕ ਮਹੀਨੇ ਦੀ ਤਨਖਾਹ ਦੇਵੇਗਾ ਈਡਨ ਦਾ ਕਿਊਰੇਟਰ : ਕੋਲਕਾਤਾ ਦੇ ਬੰਗਾਲ ਕ੍ਰਿਕਟ ਸੰਘ (ਕੈਬ)   ਨੇ ਸ਼ੁੱਕਰਵਾਰ ਨੂੰ ਕਿਹਾ ਕਿ ਈਡਨ ਗਾਰਡਨ ਦਾ ਕਿਊਰੇਟਰ ਸੁਜਾਨ ਮੁਖਰਜੀ ਕੋਵਿਡ-19 ਮਹਾਮਾਰੀ ਨਾਲ ਲੜਨ ਲਈ ਪੱਛਮੀ ਬੰਗਾਲ ਰਾਜ ਹੰਗਾਮੀ ਫੰਡ ਵਿਚ ਇਕ ਮਹੀਨੇ ਦੀ ਤਨਖਾਹ ਦੇਵੇਗਾ। 


author

Gurdeep Singh

Content Editor

Related News