ਧੋਨੀ ਨੇ ਉਹੀ ਕੀਤਾ ਜੋ ਟੀਮ ਲਈ ਸਹੀ ਸੀ : ਤੇਂਦੁਲਕਰ
Wednesday, Jul 03, 2019 - 11:55 PM (IST)

ਬਰਮਿੰਘਮ— ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੂੰ ਬੰਗਲਾਦੇਸ਼ ਖਿਲਾਫ ਵਿਸ਼ਵ ਕੱਪ ਮੁਕਾਬਲੇ ਵਿਚ ਮਹਿੰਦਰ ਸਿੰਘ ਧੋਨੀ ਦੀ ਬੱਲੇਬਾਜ਼ੀ ਵਿਚ ਕੁੱਝ ਵੀ ਗਲਤ ਨਹੀਂ ਲੱਗਾ ਜਦਕਿ ਉਸ ਨੇ ਅਫਗਾਨਿਸਤਾਨ ਖਿਲਾਫ ਮੈਚ ਵਿਚ ਸਾਬਕਾ ਭਾਰਤੀ ਕਪਤਾਨ ਦੀ ਹੌਲੀ ਪਾਰੀ ਦੀ ਆਲੋਚਨਾ ਕੀਤੀ ਸੀ। ਤੇਂਦੁਲਕਰ ਦੀ ਤਾਜ਼ਾ ਰਾਏ ਕੁੱਝ ਦਿਨ ਪਹਿਲਾਂ ਸਾਬਕਾ ਕਪਤਾਨ ਦੀ ਆਲੋਚਨਾ ਤੋਂ ਕਾਫੀ ਵੱਖਰੀ ਹੈ। ਜਦੋਂ ਉਸ ਨੇ ਅਫਗਾਨਿਸਤਾਨ ਖਿਲਾਫ ਇਸੇ ਤਰ੍ਹਾਂ ਦੀ ਪਾਰੀ ਲਈ ਉਸ ਦੀ ਇੱਛਾ-ਸ਼ਕਤੀ ਦੀ ਕਮੀ 'ਤੇ ਸਵਾਲ ਚੁੱਕੇ ਸਨ। ਧੋਨੀ ਨੇ ਬੰਗਲਾਦੇਸ਼ ਖਿਲਾਫ ਇਥੇ ਮੰਗਲਵਾਰ ਨੂੰ ਅਖੀਰ ਵਿਚ 33 ਗੇਂਦਾਂ ਵਿਚ 35 ਦੌੜਾਂ ਬਣਾਈਆਂ। ਇਸ ਵਿਚ ਆਖਰੀ 10 ਓਵਰਾਂ ਵਿਚ ਭਾਰਤ ਨੇ ਕੇਵਲ 63 ਦੌੜਾਂ ਬਣਾਈਆਂ।
ਪ੍ਰਸ਼ੰਸਕਾਂ ਨੇ ਸੋਸ਼ਲ ਮੀਡੀਆ 'ਤੇ ਉਸ ਦੀ ਹੌਲੀ ਪਾਰੀ ਦੀ ਆਲੋਚਨਾ ਕੀਤੀ ਪਰ ਤੇਂਦੁਲਕਰ ਨੇ ਕਿਹਾ ਕਿ ਇਹ ਭਾਰਤ ਲਈ ਅਹਿਮ ਪਾਰੀ ਸੀ। ਤੇਂਦੁਲਕਰ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਇਹ ਅਹਿਮ ਪਾਰੀ ਸੀ। ਉਸ ਨੇ ਉਹੀ ਕੀਤਾ ਜੋ ਟੀਮ ਲਈ ਸਹੀ ਸੀ। ਜੇਕਰ ਉਹ 50ਵੇਂ ਓਵਰ ਤਕ ਕ੍ਰੀਜ਼ 'ਤੇ ਰਹਿੰਦਾ ਹੈ ਤਾਂ ਉਹ ਉਸ ਦੇ ਨਾਲ ਖੇਡ ਰਹੇ ਦੂਸਰੇ ਖਿਡਾਰੀਆਂ ਦੀ ਮਦਦ ਕਰ ਸਕਦਾ ਹੈ। ਉਸ ਤੋਂ ਜਿਸ ਤਰ੍ਹਾਂ ਦੀ ਉਮੀਦ ਸੀ, ਉਸ ਨੇ ਉਹੀ ਕੀਤਾ।