ਡੈੱਨਮਾਰਕ ਦੀ ਮਿਆ ਬਲਿਚਫੇਲਟ ਨੇ ਕੀਤੀ ਇੰਡੀਆ ਓਪਨ ’ਚ ਸਟੇਡੀਅਮ ਦੀ ਆਲੋਚਨਾ
Sunday, Jan 19, 2025 - 02:30 PM (IST)
ਨਵੀਂ ਦਿੱਲੀ– ਡੈੱਨਮਾਰਕ ਦੀ ਮਿਆ ਬਲਿਚਫੇਲਟ ਨੇ ਇੰਡੀਆ ਓਪਨ ਸੁਪਰ 750 ਬੈਡਮਿੰਟਨ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਹੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਦੀ ਸਥਿਤੀ ਦੀ ਆਲੋਚਨਾ ਕਰਨ ਦੇ ਨਾਲ ਹੀ ਰਾਸ਼ਟਰੀ ਰਾਜਧਾਨੀ ਦੇ ਪ੍ਰਦੂਸ਼ਣ ਪੱਧਰ ਨੂੰ ਸਿਹਤ ਲਈ ਹਾਨੀਕਾਰਕ ਕਰਾਰ ਦਿੱਤਾ। ਉਸ ਨੂੰ ਪੇਟ ਵਿਚ ਇਨਫੈਕਸ਼ਨ ਹੋ ਗਿਆ ਸੀ।
ਬਲਿਚਫੇਲਟ ਦੂਜੇ ਦੌਰ ਵਿਚ ਚੀਨ ਦੀ ਵਾਂਗ ਝੀ ਯੀ ਹੱਥੋਂ 21-13, 16-21, 8-21 ਨਾਲ ਹਾਰ ਗਈ ਸੀ। ਉਸ ਨੇ ਇੰਸਟਾਗ੍ਰਾਮ ’ਤੇ ਲਿਖਿਆ,‘‘ਭਾਰਤ ਵਿਚ ਇਕ ਲੰਬੇ ਤੇ ਤਣਾਅਪੂਰਨ ਹਫਤੇ ਤੋਂ ਬਾਅਦ ਆਖਿਰਕਾਰ ਘਰ ਪਹੁੰਚ ਗਈ ਹੈ। ਇਹ ਲਗਾਤਾਰ ਦੂਜਾ ਸਾਲ ਹੈ ਜਦਕਿ ਇੰਡੀਆ ਓਪਨ ਦੌਰਾਨ ਮੈਂ ਬੀਮਾਰ ਪੈ ਗਈ ਸੀ।’’
ਉਸ ਨੇ ਕਿਹਾ, ‘‘ਇਹ ਸਵੀਕਾਰ ਕਰਨਾ ਅਸਲ ਵਿਚ ਮੁਸ਼ਕਿਲ ਹੈ ਕਿ ਕਈ ਹਫਤਿਆਂ ਦੀ ਮਿਹਨਤ ਤੇ ਤਿਆਰੀ ਖਰਾਬ ਹਾਲਾਤ ਕਾਰਨ ਬਰਬਾਦ ਹੋ ਜਾਂਦੀ ਹੈ। ਇਹ ਕਿਸੇ ਲਈ ਵੀ ਸਹੀ ਨਹੀਂ ਹੈ ਕਿ ਸਾਨੂੰ ਧੁੰਦ, ਕੋਰਟ ’ਤੇ ਪੰਛੀਆਂ ਵੱਲੋਂ ਫੈਲਾਈ ਗਈ ਗੰਦਗੀ ਤੇ ਹਰ ਪਾਸੇ ਗੰਦਗੀ ਵਿਚਾਲੇ ਅਭਿਆਸ ਕਰਨਾ ਤੇ ਖੇਡਣਾ ਪਵੇ।’’
ਡੈੱਨਮਾਰਕ ਦੀ ਇਸ ਖਿਡਾਰਨ ਨੇ ਵਿਸ਼ਵ ਬੈਡਮਿੰਟਨ ਸੰਘ ਨੂੰ ਟੈਗ ਕਰਦੇ ਹੋਏ ਲਿਖਿਅਾ, ‘‘ਇਸ ਤਰ੍ਹਾਂ ਦੀਆਂ ਸਥਿਤੀਆਂ ਸਿਹਤ ਲਈ ਹਾਨੀਕਾਰਕ ਹਨ ਤੇ ਮਨਜ਼ੂਰ ਕਰਨਯੋਗ ਨਹੀਂ ਹਨ। ਮੈਨੂੰ ਖੁਸ਼ੀ ਹੈ ਕਿ ਮੈਂ ਪਹਿਲੇ ਦੌਰ ਵਿਚ ਜਿੱਤ ਹਾਸਲ ਕਰਨ ਵਿਚ ਸਫਲ ਰਹੀ ਤੇ ਦੂਜੇ ਦੌਰ ਵਿਚ ਵੀ ਮੈਂ ਚੰਗੀ ਖੇਡ ਦਿਖਾਈ ਪਰ ਜਿਸ ਤਰ੍ਹਾਂ ਦੀ ਸਥਿਤੀ ਸੀ, ਉਸ ਤੋਂ ਮੈਂ ਸੰਤੁਸ਼ਟ ਨਹੀਂ ਹਾਂ।’’