ਦਿੱਲੀ ਨੇ ਰਣਜੀ ਦੀ ਨਿਰਾਸ਼ਾ ਨੂੰ ਛੱਡਿਆ ਪਿੱਛੇ

Monday, Mar 04, 2019 - 04:16 AM (IST)

ਦਿੱਲੀ ਨੇ ਰਣਜੀ ਦੀ ਨਿਰਾਸ਼ਾ ਨੂੰ ਛੱਡਿਆ ਪਿੱਛੇ

ਨਵੀਂ ਦਿੱਲੀ— ਦਿੱਲੀ ਨੇ ਇਸ ਸੈਸ਼ਨ ਵਿਚ ਰਣਜੀ ਟਰਾਫੀ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਨੂੰ ਕਾਫੀ ਪਿੱਛੇ ਛੱਡਦੇ ਹੋਏ ਸੱਯਦ ਮੁਸ਼ਤਾਕ ਅਲੀ ਟਰਾਫੀ ਟੀ-20 ਕ੍ਰਿਕਟ ਟੂਰਨਾਮੈਂਟ ਦੇ ਸੁਪਰ ਲੀਗ ਦੌਰ ਵਿਚ ਜਗ੍ਹਾ ਬਣਾ ਲਈ ਹੈ। ਦਿੱਲੀ ਨੇ ਰਣਜੀ ਸੈਸ਼ਨ ਵਿਚ 8 ਮੈਚਾਂ ਵਿਚੋਂ ਸਿਰਫ ਇਕ ਜਿੱਤ ਹਾਸਲ ਕੀਤੀ ਸੀ, ਜਦਕਿ ਤਿੰਨ ਮੈਚਾਂ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਦਿੱਲੀ 14 ਅੰਕਾਂ ਨਾਲ ਇਲੀਟ ਗਰੁੱਪ-ਏ ਤੇ ਬੀ ਦੀ ਸਾਂਝੇ ਤੌਰ 'ਤੇ ਅੰਕ ਸੂਚੀ ਵਿਚ 15ਵੇਂ ਸਥਾਨ 'ਤੇ ਰਹੀ ਸੀ, ਜਦਕਿ ਇਨ੍ਹਾਂ ਦੋਵਾਂ ਗਰੁੱਪਾਂ ਨੂੰ ਮਿਲਾ ਕੇ ਚੋਟੀ ਦੀਆਂ ਪੰਜ ਟੀਮਾਂ ਨੇ ਨਾਕਆਊਟ ਦੌਰ ਲਈ ਕੁਆਲੀਫਾਈ ਕੀਤਾ ਸੀ। 
ਦਿੱਲੀ ਦੀ ਟੀਮ ਨੇ ਸੱਯਦ ਮੁਸ਼ਤਾਕ ਅਲੀ ਟਰਾਫੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗਰੁੱਪ-ਏ ਵਿਚ ਛੇ ਵਿਚੋਂ 5 ਮੈਚ ਜਿੱਤੇ ਤੇ ਉਸ ਦੇ 20 ਅੰਕ ਰਹੇ। ਇਸ ਗਰੁੱਪ ਵਿਚ ਝਾਰਖੰਡ ਦੇ 6 ਮੈਚਾਂ ਵਿਚੋਂ 5 ਜਿੱਤਾਂ ਨਾਲ 20 ਅੰਕ ਰਹੇ ਪਰ ਬਿਹਤਰ ਨੈੱਟ ਰਨ ਰੇਟ ਦੇ ਆਧਾਰ 'ਤੇ ਉਹ ਗਰੁੱਪ 'ਚ ਚੋਟੀ 'ਤੇ ਰਿਹਾ। 
ਦਿੱਲੀ ਨੂੰ ਆਪਣੇ ਗਰੁੱਪ ਵਿਚ ਸਿਰਫ ਝਾਰਖੰਡ ਤੋਂ ਤਿੰਨ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦਿੱਲੀ ਨੇ ਮਣੀਪੁਰ ਨੂੰ 10 ਵਿਕਟਾਂ ਨਾਲ, ਜੰਮੂ-ਕਸ਼ਮੀਰ ਨੂੰ ਚਾਰ ਵਿਕਟਾਂ ਨਾਲ, ਕੇਰਲ ਨੂੰ 7 ਵਿਕਟਾਂ ਨਾਲ, ਆਂਧਰਾ ਪ੍ਰਦੇਸ਼ ਨੂੰ 32 ਦੌੜਾਂ ਨਾਲ ਤੇ ਨਾਗਾਲੈਂਡ ਨੂੰ 7 ਵਿਕਟਾਂ ਨਾਲ ਹਰਾਇਆ।


author

Gurdeep Singh

Content Editor

Related News