ਵਿਸ਼ਵ ਚੈਂਪੀਅਨ ਨਾਜ਼ਿਮ ਨੂੰ ਹਰਾ ਜਯੋਤੀ ਪਹੁੰਚੀ ਕੁਆਰਟਰ ਫਾਈਨਲ ’ਚ
Wednesday, Feb 24, 2021 - 10:28 PM (IST)

ਨਵੀਂ ਦਿੱਲੀ– ਭਾਰਤ ਦੀ ਉਭਰਦੀ ਮਹਿਲਾ ਮੁੱਕੇਬਾਜ਼ ਜਯੋਤੀ ਗੁਲੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 2 ਵਾਰ ਦੀ ਵਿਸ਼ਵ ਚੈਂਪੀਅਨ ਰਹੀ ਕਜ਼ਾਕਿਸਤਾਨ ਦੀ ਨਾਜ਼ਿਮ ਕਿਜਾਏਬੇ ਨੂੰ ਹਰਾ ਕੇ ਬੁਲਗਾਰੀਆ ਦੇ ਸੋਫੀਆ ’ਚ ਹੋ ਰਹੇ 72ਵੇਂ ਸਟ੍ਰਾਂਜਾ ਮੈਮੋਰੀਅਲ ਟੂਰਨਾਮੈਂਟ ਦੇ ਦੂਜੇ ਦਿਨ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਲਈ। ਮਹਿਲਾ ਵਰਗ ’ਚ 2017 ਦੀ ਵਿਸ਼ਵ ਯੂਥ ਚੈਂਪੀਅਨ ਤੇ 2019 ਦੀ ਰਾਸ਼ਟਰੀ ਚੈਂਪੀਅਨ ਰਹਿ ਚੁੱਕੀ ਜਯੋਤੀ (51 ਕਿਲੋਗ੍ਰਾਮ) ਨੇ ਕਜ਼ਾਕਿਸਤਾਨ ਦੀ ਨਾਜ਼ਿਮ ਨੂੰ 3-2 ਨਾਲ ਹਰਾਇਆ। ਇਸ ਦੌਰਾਨ ਮੁੱਕੇਬਾਜ਼ ਭਾਗਿਆਬਤੀ ਕਚਾਰੀ ਨੇ ਔਰਤਾਂ ਦੇ 75 ਕਿਲੋਗ੍ਰਾਮ ਮੁਕਾਬਲੇ ’ਚ ਰੂਸ ਦੀ ਐਨਾ ਗੇਲੀਮੋਵਾ ਨੂੰ 5-0 ਨਾਲ ਹਰਾਇਆ।
ਮਰਦਾਂ ਦੇ ਵਰਗ ’ਚ ਨਵੀਨ ਬੂਰਾ ਨੇ 69 ਕਿਲੋਗ੍ਰਾਮ ’ਚ ਅਰਮੇਨੀਆ ਦੇ ਐਰਮਨ ਮਸ਼ਾਕੇਰੀਆਨ ਨੂੰ 3-2 ਨਾਲ ਹਰਾ ਕੇ ਆਖਰੀ-8 ’ਚ ਜਗ੍ਹਾ ਬਣਾ ਲਈ। ਕੁਆਰਟਰ ਫਾਈਨਲ ’ਚ ਹੁਣ ਬੂਰਾ ਦਾ ਸਾਹਮਣਾ ਬ੍ਰਾਜ਼ੀਲ ਦੇ ਇਰਾਵੀਓ ਐਡਸਨ ਨਾਲ ਹੋਵੇਗਾ। ਬੂਰਾ ਤੋਂ ਇਲਾਵਾ ਮੰਜੀਤ ਸਿੰਘ (91) ਵੀ ਤੀਜੇ ਦਿਨ ਰਿੰਗ ’ਚ ਉਤਰਨ ਵਾਲਾ ਹੈ। ਇਸ ਤੋਂ ਪਹਿਲਾਂ 4 ਹੋਰ ਮਰਦ ਮੁੱਕੇਬਾਜ਼ਾਂ ਨੂੰ ਪ੍ਰੀ-ਕੁਆਰਟਰ ਫਾਈਨਲ ’ਚ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ ਸੀ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।