2 ਸਾਲ ਬਾਅਦ ਡੇਵਿਡ ਵਾਰਨਰ ਨੇ ਪਾਕਿਸਤਾਨ ਖਿਲਾਫ ਲਾਇਆ ਆਪਣੇ ਟੈਸਟ ਕਰੀਅਰ ਦਾ 22ਵਾਂ ਸੈਂਕੜਾ

11/22/2019 2:02:31 PM

ਸਪੋਰਟਸ ਡੈਸਕ— ਆਸਟਰੇਲੀਆ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ 'ਚ ਆਸਟਰੇਲੀਆ ਕਾਫ਼ੀ ਮਜ਼ਬੂਤ ਸਥਿਤੀ 'ਚ ਆ ਗਿਆ ਹੈ। ਪਹਿਲੇ ਦਿਨ ਪਾਕਿਸਤਾਨ ਦੀ ਪਹਿਲੀ ਪਾਰੀ ਸਿਰਫ਼ 240 ਦੌੜਾਂ 'ਤੇ ਢੇਰ ਹੋ ਗਈ ਸੀ। ਅੱਜ ਦੂਜੇ ਦਿਨ ਆਪਣੀ ਪਹਿਲੀ ਪਾਰੀ ਖੇਡਣ ਉਤਰੀ ਆਸਟਰੇਲੀਆਈ ਟੀਮ ਨੇ ਪਾਕਿਸਤਾਨ ਦੇ ਗੇਂਦਬਾਜ਼ਾਂ ਦੀ ਰੱਜ ਕੇ ਕਲਾਸ ਲਾਈ। ਪਾਕਿਸਤਾਨ ਨੂੰ ਪਹਿਲੀ ਪਾਰੀ 'ਚ 240 ਦੌੜਾਂ 'ਤੇ ਢੇਰ ਕਰਨ ਤੋਂ ਬਾਅਦ ਆਸਟਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਧਮਾਕੇਦਾਰ ਪਾਰੀ ਖੇਡ ਆਪਣੇ ਟੈਸਟ ਕਰੀਅਰ ਦਾ 22ਵਾਂ ਸੈਂਕੜਾ ਲਾ ਦਿੱਤਾ।PunjabKesari
ਪਾਕਿਸਤਾਨ ਖਿਲਾਫ ਇਸ ਮੁਕਾਬਲੇ ਦੌਰਾਨ ਡੇਵਿਡ ਵਾਰਨਰ ਨੇ 180 ਗੇਂਦਾਂ 'ਚ 7 ਚੌਕੇ ਦੀ ਮਦਦ ਨਾਲ ਆਪਣਾ 22ਵਾਂ ਟੈਸਟ ਸੈਂਕੜਾ ਪੂਰਾ ਕੀਤਾ, ਜੋ ਉਨ੍ਹਾਂ ਦੇ ਬੱਲੇ ਚੋਂ ਦੋ ਸਾਲ ਬਾਅਦ ਨਿਕਲਿਆ ਹੈ।  ਉਥੇ ਹੀ ਜੋ ਬਰਨਸ ਆਪਣੇ 5ਵੇਂ ਸੈਂਕੜੇ ਤੋਂ ਖੁੰਝ ਗਿਆ। ਬਰਨਸ 97 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਆਊਟ ਹੋਇਆ। ਯਾਸਿਰ ਸ਼ਾਹ ਨੇ ਆਸਟਰੀਲਆ ਨੂੰ ਬਰਨਸ ਦੇ ਰੂਪ 'ਚ ਪਹਿਲਾ ਝਟਕਾ ਦਿੱਤਾ। ਵਾਰਨਰ ਅਤੇ ਬਰਨਸ ਵਿਚਾਲੇ ਪਹਿਲੀ ਵਿਕਟ ਲਈ 222 ਦੌੜਾਂ ਦੀ ਸਾਂਝੇਦਾਰੀ ਹੋਈ।

ਵਾਰਨਰ ਨੇ ਇਸ ਤੋਂ ਪਹਿਲਾਂ 26 ਦਸੰਬਰ 2017 ਨੂੰ ਇੰਗਲੈਂਡ ਖਿਲਾਫ ਮੈਲਬਰਨ 'ਚ ਸੈਂਕੜਾ ਲਾਇਆ ਸੀ ਅਤੇ 103 ਦੌੜਾਂ ਦੀ ਪਾਰੀ ਖੇਡੀ ਸੀ। ਇਸ ਤੋਂ ਬਾਅਦ ਉਨ੍ਹਾਂ ਦਾ ਬੱਲਾ ਖਾਮੋਸ਼ ਰਿਹਾ ਅਤੇ ਮਾਰਚ 2018 'ਚ ਦੱ. ਅਫਰੀਕਾ ਖਿਲਾਫ ਟੈਸਟ ਮੈਚ 'ਚ ਬਾਲ ਟੈਂਪਰਿੰਗ ਮਾਮਲੇ 'ਚ ਦੋਸ਼ੀ ਸਾਬਤ ਹੋਣ ਤੋਂ ਬਾਅਦ ਉਨ੍ਹਾਂ 'ਤੇ ਇਕ ਸਾਲ ਦਾ ਬੈਨ ਲੱਗਾ ਦਿੱਤਾ ਗਿਆ। ਬੈਨ ਤੋਂ ਬਾਅਦ ਡੇਵਿਡ ਵਾਰਨਰ ਨੇ ਇੰਗਲੈਂਡ ਖਿਲਾਫ ਏਸ਼ੇਜ 'ਚ ਵਾਪਸੀ ਕੀਤੀ। ਹਾਲਾਂਕਿ ਏਸ਼ੇਜ 'ਚ ਡੇਵਿਡ ਵਾਰਨਰ ਦਾ ਬੱਲਾ ਖਾਮੋਸ਼ ਹੀ ਰਿਹਾ ਅਤੇ ਉਹ 5 ਮੈਚਾਂ 'ਚ ਸਿਰਫ 95 ਦੌੜਾਂ ਹੀ ਬਣਾ ਸਕੇ। ਇਸ ਦੌਰਾਨ ਵਾਰਨਰ ਦੇ ਬੱਲੇ ਤੋਂ ਸਿਰਫ ਇਕ ਅਰਧ ਸੈਂਕੜਾ ਨਿਕਲਿਆ। ਵਾਰਨਰ 3 ਪਾਰੀਆਂ 'ਚ ਖਾਤਾ ਨਹੀਂ ਖੋਲ ਸਕੇ, ਜਦ ਕਿ 7 ਪਾਰੀਆਂ 'ਚ ਉਹ ਦਹਾਈ ਦੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ ।

ਇਸ ਤੋਂ ਪਹਿਲਾਂ, ਪਾਕਿਸਤਾਨ ਦੀ ਪੂਰੀ ਟੀਮ 86.2 ਓਵਰ 'ਚ 240 ਦੌੜਾਂ 'ਤੇ ਹੀ ਆਲ ਆਊਟ ਹੋ ਗਈ ਸੀ। ਆਸਟਰੇਲੀਆ ਲਈ ਮਿਚੇਲ ਸਟਾਰਕ ਨੇ ਸਭ ਤੋਂ ਜ਼ਿਆਦਾ 4 ਅਤੇ ਪੈਟ ਕਮਿੰਸ ਨੇ 3 ਵਿਕਟਾਂ ਹਾਸਲ ਕੀਤੀਆਂ, ਜਦ ਕਿ ਜਾਸ਼ ਹੇਜ਼ਲਵੁੱਡ ਨੂੰ 2 ਅਤੇ ਨਾਥਨ ਲਾਇਨ ਨੂੰ 1 ਵਿਕਟ ਮਿਲੀ ਸੀ।

 


Related News