ਟੱਕਰ ''ਚ ਜ਼ਖ਼ਮੀ ਵਿਰੋਧੀ ਦੇ ਕੋਮਾ ''ਚ ਜਾਣ ਕਾਰਨ ਸਾਈਕਲਿਸਟ ''ਤੇ ਲੱਗੀ 9 ਮਹੀਨੇ ਦੀ ਪਾਬੰਦੀ
Wednesday, Nov 11, 2020 - 04:43 PM (IST)
ਏਗਲ/ਸਵਿਟਜਰਲੈਂਡ (ਭਾਸ਼ਾ) : ਵਿਰੋਧੀ ਖਿਡਾਰੀ ਨੂੰ ਗੰਭੀਰ ਤਰੀਕੇ ਨਾਲ ਟੱਕਰ ਮਾਰਨ ਦੇ ਦੋਸ਼ ਵਿਚ ਸਾਈਕਲਿਸਟ ਡਾਇਲਨ ਗਰੋਏਨੇਵੇਗੇਨ 'ਤੇ ਬੁੱਧਵਾਰ ਨੂੰ 9 ਮਹੀਨੇ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਨੀਦਰਲੈਂਡ ਦੇ ਇਸ ਸਾਈਕਲਿਸਟ ਨੇ ਟੂਰ ਡਿ ਪੋਲੈਂਡ ਰੇਸ ਦੇ ਅੰਤਿਮ ਪਲਾਂ ਵਿਚ ਫਾਬਿਓ ਜੈਕਬਸਨ ਨੂੰ ਟੱਕਰ ਮਾਰ ਦਿੱਤੀ ਸੀ। ਜੈਕਬਸਨ ਇਸ ਦੇ ਬਾਅਦ ਬੈਰੀਅਰ ਨਾਲ ਟਕਰਾ ਗਏ, ਜਿਸ ਵਿਚ ਉਨ੍ਹਾਂ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਅਤੇ ਉਹ ਕੋਮਾ ਵਿਚ ਚਲੇ ਗਏ।
ਅੰਤਰਰਾਸ਼ਟਰੀ ਸਾਈਕਲਿਸਟ ਸੰਘ (ਆਈ.ਸੀ.ਯੂ.) ਨੇ ਦੱਸਿਆ ਕਿ ਉਸ ਦੇ ਅਨੁਸ਼ਾਸਨਾਤਮਕ ਪੈਨਲ ਨੇ ਫ਼ੈਸਲਾ ਕੀਤਾ ਹੈ ਕਿ ਗਰੋਏਨੇਵੇਗੇਨ 7 ਮਈ ਤੱਕ ਮੁਕਾਬਲੇ ਵਿਚ ਹਿੱਸਾ ਨਹੀਂ ਲੈ ਪਾਉਣਗੇ। ਟੂਰ ਡਿ ਫ਼ਰਾਂਸ ਦੇ 4 ਪੜਾਅ ਦੇ ਜੇਤੂ ਗਰੋਏਨੇਵੇਗੇਨ ਨੇ ਉਨ੍ਹਾਂ ਦੀ ਟੀਮ ਜਾਂਬੋ-ਬਿਸਮਾ ਵੱਲੋਂ ਜਾਰੀ ਬਿਆਨ ਵਿਚ ਕਿਹਾ, 'ਟੂਰ ਆਫ ਪੋਲੈਂਡ ਦੇ ਪਹਿਲੇ ਪੜਾਅ ਵਿਚ ਹੋਈ ਇਹ ਦੁਰਘਟਨਾ ਉਨ੍ਹਾਂ ਦੇ ਕਰੀਅਰ ਵਿਚ ਹਮੇਸ਼ਾ ਕਾਲ਼ਾ ਅਧਿਆਏ ਰਹੇਗਾ।' ਇਸ ਰੇਸ ਵਿਚ ਗਰੋਏਨੇਵੇਗੇਨ ਨੂੰ ਆਯੋਗ ਕਰਾਰ ਦਿੱਤਾ ਗਿਆ ਸੀ ਜਿਸ ਦੇ ਬਾਅਦ ਜੈਕਬਸਨ ਜੇਤੂ ਬਣੇ ਸਨ। ਆਈ.ਸੀ.ਯੂ. ਨੇ ਕਿਹਾ ਕਿ ਗਰੋਏਨੇਵੇਗੇਨ ਨੇ ਇਹ ਮੰਨਿਆ ਕਿ ਉਨ੍ਹਾਂ ਨੇ ਆਪਣੀ ਲਾਈਨ ਤੋਂ ਭਟਕ ਕੇ ਰੇਸ ਨਿਯਮਾਂ ਦੀ ਉਲੰਘਣਾ ਕੀਤੀ ਸੀ।