CWC 2019 : ਬੰਗਲਾਦੇਸ਼ ਨੇ ਬਣਾਇਆ ਆਪਣਾ ਰਿਕਾਰਡ ਸਕੋਰ

Sunday, Jun 02, 2019 - 11:10 PM (IST)

CWC 2019 : ਬੰਗਲਾਦੇਸ਼ ਨੇ ਬਣਾਇਆ ਆਪਣਾ ਰਿਕਾਰਡ ਸਕੋਰ

ਲੰਡਨ— ਦੁਨੀਆ ਦੇ ਨੰਬਰ-1 ਆਲਰਾਊਂਡਰ ਸ਼ਾਕਿਬ-ਅਲ-ਹਸਨ (75) ਅਤੇ ਵਿਕਟਕੀਪਰ ਮੁਸ਼ਫਿਕੁਰ ਰਹੀਮ (78) ਦੇ ਸ਼ਾਨਦਾਰ ਅਰਧ-ਸੈਂਕੜਿਆਂ ਅਤੇ ਉਨ੍ਹਾਂ ਵਿਚਾਲੇ ਤੀਜੀ ਵਿਕਟ ਲਈ 142 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਦੀ ਬਦੌਲਤ ਬੰਗਲਾਦੇਸ਼ ਨੇ ਦੱਖਣੀ ਅਫਰੀਕਾ ਖਿਲਾਫ ਵਿਸ਼ਵ ਕੱਪ ਮੁਕਾਬਲੇ ਵਿਚ ਐਤਵਾਰ 50 ਓਵਰਾਂ ਵਿਚ 6 ਵਿਕਟਾਂ 'ਤੇ 330 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ, ਜੋ ਉਸ ਦੇ ਵਨ ਡੇ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਹੈ।

PunjabKesari
ਬੰਗਲਾਦੇਸ਼ ਦਾ ਇਸ ਤੋਂ ਪਹਿਲਾਂ ਵਨ ਡੇ ਵਿਚ ਸਭ ਤੋਂ ਵੱਡਾ ਸਕੋਰ 2015 'ਚ ਢਾਕਾ ਵਿਖੇ ਪਾਕਿਸਤਾਨ ਦੇ ਖਿਲਾਫ ਸੀ। ਉਦੋਂ ਉਸ ਨੇ 6 ਵਿਕਟਾਂ 'ਤੇ 329 ਦੌੜਾਂ ਬਣਾਈਆਂ ਸਨ।
ਬੰਗਲਾਦੇਸ਼ ਨੇ ਏਸ਼ੀਆ ਦੀਆਂ 3 ਹੋਰ ਟੀਮਾਂ ਪਾਕਿਸਤਾਨ, ਸ਼੍ਰੀਲੰਕਾ ਅਤੇ ਅਫਗਾਨਿਸਤਾਨ ਦੇ ਮੁਕਾਬਲੇ ਵਧੀਆ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ। ਪਾਕਿਸਤਾਨ ਨੇ ਵੈਸਟਇੰਡੀਜ਼ ਖਿਲਾਫ 136 ਅਤੇ ਅਫਗਾਨਿਸਤਾਨ ਨੇ ਆਸਟਰੇਲੀਆ ਖਿਲਾਫ 207 ਦੌੜਾਂ ਬਣਾਈਆਂ ਸਨ।
ਵਿਸ਼ਵ ਕੱਪ 'ਚ ਉੱਤਰੀ ਏਸ਼ੀਆ ਦੀ ਚੌਥੀ ਟੀਮ ਬੰਗਲਾਦੇਸ਼ ਨੇ ਦੱਖਣੀ ਅਫਰੀਕਾ ਦੀ ਮਜ਼ਬੂਤ ਗੇਂਦਬਾਜ਼ੀ ਖਿਲਾਫ ਸ਼ਾਨਦਾਰ ਖੇਡ ਦਿਖਾਈ ਹੈ। ਸ਼ਾਕਿਬ ਅਤੇ ਮੁਸ਼ਫਿਕੁਰ ਦੀ ਸਾਂਝੇਦਾਰੀ ਜ਼ਬਰਦਸਤ ਰਹੀ। ਸ਼ਾਕਿਬ ਨੇ 84 ਗੇਂਦਾਂ 'ਤੇ 75 ਦੌੜਾਂ ਵਿਚ 8 ਚੌਕੇ ਅਤੇ 1 ਛੱਕਾ ਲਾਇਆ, ਜਦਕਿ ਮੁਸ਼ਫਿਕੁਰ ਨੇ 80 ਗੇਂਦਾਂ 'ਤੇ 78 ਦੌੜਾਂ ਵਿਚ 8 ਚੌਕੇ ਲਾਏ। ਮਹਿਮੂਦਉੱਲ੍ਹਾ ਨੇ ਮੱਧਕ੍ਰਮ ਵਿਚ 33 ਗੇਂਦਾਂ 'ਤੇ 3 ਚੌਕੇ ਅਤੇ 1 ਛੱਕੇ ਦੀ ਮਦਦ ਨਾਲ ਅਜੇਤੂ 46 ਦੌੜਾਂ ਬਣਾਈਆਂ।

PunjabKesari
ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਪਰ ਓਪਨਰ ਤਮੀਮ ਇਕਬਾਲ ਅਤੇ ਸੌਮਿਆ ਸਰਕਾਰ ਨੇ ਬੰਗਲਾਦੇਸ਼ ਨੂੰ 8.2 ਓਵਰਾਂ ਵਿਚ 60 ਦੌੜਾਂ ਜੋੜ ਕੇ ਚੰਗੀ ਸ਼ੁਰੂਆਤ ਦਿੱਤੀ। ਤਮੀਮ ਨੇ 29 ਗੇਂਦਾਂ 'ਤੇ 16 ਦੌੜਾਂ ਵਿਚ 2 ਚੌਕੇ ਅਤੇ ਸਰਕਾਰ ਨੇ 30 ਗੇਂਦਾਂ 'ਤੇ 42 ਦੌੜਾਂ ਵਿਚ 9 ਚੌਕੇ ਲਾਏ। ਮੁਹੰਮਦ ਮਿਥੁਨ ਨੇ 21 ਗੇਂਦਾਂ 'ਤੇ 21 ਦੌੜਾਂ ਵਿਚ 2 ਚੌਕੇ ਅਤੇ 1 ਛੱਕਾ ਲਾਇਆ। ਦੱਖਣੀ ਅਫਰੀਕਾ ਵੱਲੋਂ ਆਂਦਿਲੇ ਫੇਲਕਵਾਓ ਨੇ 52 ਦੌੜਾਂ 'ਤੇ 2 ਵਿਕਟਾਂ, ਕ੍ਰਿਸ ਮੌਰਿਸ ਨੇ 73 ਦੌੜਾਂ 'ਤੇ 2 ਵਿਕਟਾਂ ਅਤੇ ਇਮਰਾਨ ਤਾਹਿਰ ਨੇ 57 ਦੌੜਾਂ 'ਤੇ 2 ਵਿਕਟਾਂ ਲਈਆਂ।
ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਨੇ ਦੱਖਣੀ ਅਫਰੀਕਾ ਨੂੰ 21 ਦੌੜਾਂ ਨਾਲ ਹਰਾ ਦਿੱਤਾ। ਦੱਖਣੀ ਅਫਰੀਕਾ ਦੀ ਟੀਮ 309 ਦੌੜਾਂ ਹੀ ਬਣਾ ਸਕੀ। ਬੰਗਲਾਦੇਸ਼ ਦੀ ਵਿਸ਼ਵ ਕੱਪ 2019 'ਚ ਇਹ ਪਹਿਲੀ ਜਿੱਤ ਹੈ ਤੇ ਦੱਖਣੀ ਅਫਰੀਕਾ ਦੀ ਇਹ ਦੂਜੀ ਹਾਰ ਹੈ।


author

Gurdeep Singh

Content Editor

Related News