ਸਮਿਥ-ਵਾਰਨਰ ''ਤੇ ਦੋ ਸਾਲ ਦੀ ਪਾਬੰਦੀ ਲਗਣੀ ਚਾਹੀਦੀ ਸੀ : ਐਂਬ੍ਰੋਸ
Thursday, Apr 11, 2019 - 02:49 PM (IST)

ਮੈਲਬੋਰਨ— ਵੈਸਟਇੰਡੀਜ਼ ਦੇ ਆਪਣੇ ਜ਼ਮਾਨੇ ਦੇ ਦਿੱਗਜ ਤੇਜ਼ ਗੇਂਦਬਾਜ਼ ਕਰਟਲੀ ਐਂਬ੍ਰੋਸ ਦਾ ਮੰਨਣਾ ਹੈ ਕਿ ਆਸਟਰੇਲੀਆਈ ਕ੍ਰਿਕਟਰ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਘਿਨੌਣਾ ਜੁਰਮ ਕਰਕੇ ਵੀ ਬਚ ਗਏ ਅਤੇ ਉਨ੍ਹਾਂ 'ਤੇ ਗੇਂਦ ਨਾਲ ਛੇੜਛਾੜ ਦੇ ਮਾਮਲੇ 'ਚ ਦੋ ਸਾਲ ਦੀ ਪਾਬੰਦੀ ਲਗਣੀ ਚਾਹੀਦੀ ਸੀ। ਸਾਬਕਾ ਕਪਤਾਨ ਸਮਿਥ ਅਤੇ ਉਨ੍ਹਾਂ ਨਾਲ ਉਪ ਕਪਤਾਨ ਵਾਰਨਰ 'ਤੇ ਕ੍ਰਿਕਟ ਆਸਟਰੇਲੀਆ ਨੇ ਪਿਛਲੇ ਸਾਲ ਮਾਰਚ 'ਚ ਦੱਖਣੀ ਅਫਰੀਕਾ ਦੇ ਖਿਲਾਫ ਕੇਪਟਾਊਨ 'ਚ ਤੀਜੇ ਟੈਸਟ ਮੈਚ ਦੇ ਦੌਰਾਨ ਗੇਂਦ ਨਾਲ ਛੇੜਛਾੜ 'ਚ ਸ਼ਮੂਲੀਅਤ ਹੋਣ 'ਤੇ ਇਕ ਸਾਲ ਦੀ ਪਾਬੰਦੀ ਲਗਾਈ ਸੀ। ਇਨ੍ਹਾਂ ਦੋਹਾਂ 'ਤੇ ਲੱਗੀ ਪਾਬੰਦੀ ਇਸ ਸਾਲ ਮਾਰਚ 'ਚ ਖਤਮ ਹੋ ਗਈ ਅਤੇ ਹੁਣ ਉਹ ਇੰਡੀਅਨ ਪ੍ਰੀਮੀਅਰ ਲੀਗ 'ਚ ਖੇਡ ਰਹੇ ਹਨ।
ਸਮਿਥ ਅਤੇ ਵਾਰਨਰ ਵਿਸ਼ਵ ਕੱਪ ਅਤੇ ਏਸ਼ੇਜ਼ ਦੌਰੇ ਲਈ ਆਸਟਰੇਲੀਆਈ ਟੀਮ 'ਚ ਵਾਪਸੀ ਕਰਨ ਦੀ ਕੋਸ਼ਿਸ 'ਚ ਲੱਗੇ ਹੋਏ ਹਨ ਪਰ ਐਂਬ੍ਰੋਸ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਇਕ ਹੋਰ ਸਾਲ ਲਈ ਬੈਨ ਕਰਨਾ ਚਾਹੀਦਾ ਸੀ। ਟੈਸਟ ਕ੍ਰਿਕਟ 'ਚ 400 ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ 15 ਗੇਂਦਬਾਜ਼ਾਂ 'ਚੋਂ ਇਕ ਐਂਬ੍ਰੋਸ ਨੇ ਪੱਤਰਕਾਰਾਂ ਨੂੰ ਕਿਹਾ, ਤੁਸੀਂ ਜਦੋਂ ਇਸ ਤਰ੍ਹਾਂ ਦੇ ਨਿਯਮ ਤੋੜਦੇ ਹੋ ਤਾਂ ਉਸ ਲਈ ਤੁਹਾਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਮੇਰਾ ਮੰਨਣਾ ਹੈ ਕਿ ਦੋ ਸਾਲ ਦੀ ਪਾਬੰਦੀ ਲਗਾਉਣਾ ਇਕ ਸਖਤ ਸੰਦੇਸ਼ ਹੁੰਦਾ ਕਿਉਂਕਿ ਇਹ ਅਸਲ 'ਚ ਮੂਰਖਤਾਪੂਰਨ ਹਰਕਤ ਸੀ।'' ਐਂਟੀਗਾ ਦੇ ਇਸ 55 ਸਾਲਾ ਕ੍ਰਿਕਟਰ ਨੂੰ ਹਾਲਾਂਕਿ ਉਮੀਦ ਹੈ ਕਿ ਇਹ ਦੋਵੇਂ ਵਿਸ਼ਵ ਕੱਪ ਲਈ ਆਸਟਰੇਲੀਆਈ ਟੀਮ 'ਚ ਜਗ੍ਹਾ ਬਣਾਉਣ 'ਚ ਸਫਲ ਰਹਿਣਗੇ। ਉਨ੍ਹਾਂ ਕਿਹਾ, ਵਿਸ਼ਵਾਸ ਹੈ ਕਿ ਉਹ ਫਿਰ ਤੋਂ ਕਦੇ ਅਜਿਹਾ ਨਹੀਂ ਕਰਨਗੇ। ਮੈਨੂੰ ਉਮੀਦ ਹੈ ਕਿ ਸਾਰੇ ਆਸਟਰੇਲੀਆਈ ਉਨ੍ਹਾਂ ਦਾ ਸਮਰਥਨ ਕਰਨਗੇ।