ਪੈਟ ਕਮਿੰਸ IPL ''ਚ ਅੱਗੇ ਨਹੀਂ ਖੇਡ ਸਕਣਗੇ, ਕਮਰ ਦੀ ਸੱਟ ਤੋਂ ਉਭਰਨ ਲਈ ਪਰਤਣਗੇ ਦੇਸ਼
Friday, May 13, 2022 - 12:50 PM (IST)
ਮੈਲਬੌਰਨ (ਏਜੰਸੀ)- ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਤੇਜ਼ ਗੇਂਦਬਾਜ਼ ਪੈਟ ਕਮਿੰਸ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ) ਵਿਚ ਅੱਗੇ ਨਹੀਂ ਖੇਡ ਸਕਣਗੇ ਅਤੇ ਕਮਰ ਦੀ ਮਾਮੂਲੀ ਸੱਟ ਤੋਂ ਉਭਰਨ ਲਈ ਦੇਸ਼ ਪਰਤਣਗੇ। ਇਕ ਰਿਪੋਰਟ ਮੁਤਾਬਕ ਆਸਟ੍ਰੇਲੀਆਈ ਟੈਸਟ ਕਪਤਾਨ ਕਮਿੰਸ ਰਾਸ਼ਟਰੀ ਟੀਮ ਦੇ ਅਗਲੇ ਮਹੀਨੇ ਦੇ ਸ੍ਰੀਲੰਕਾ ਦੌਰੇ ਤੋਂ ਪਹਿਲਾਂ ਫਿਟਨੈੱਸ ਹਾਸਲ ਕਰਨ ਲਈ ਸਿਡਨੀ ਪਰਤ ਰਹੇ ਹਨ। ਕਮਿੰਸ ਨੂੰ ਕੇ.ਕੇ.ਆਰ. ਨੇ 7.25 ਕਰੋੜ ਰੁਪਏ ਵਿਚ ਖ਼ਰੀਦਿਆ ਸੀ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਮਿੰਸ ਦੇ ਪੂਰੀ ਤਰ੍ਹਾਂ ਫਿਟ ਹੋਣ ਵਿਚ ਇਕ ਪੰਦਰਵਾੜੇ ਦਾ ਸਮਾਂ ਲੱਗਣ ਦੀ ਸੰਭਾਵਨਾ ਹੈ। ਟੈਸਟ ਟੀਮ ਦੀ ਅਗਵਾਈ ਕਰਨ ਦੇ ਇਲਾਵਾ ਕਮਿੰਸ ਵਨਡੇ ਅਤੇ ਟੀ20 ਟੀਮ ਦੇ ਵੀ ਇਕ ਮਹੱਤਵਪੂਰਨ ਮੈਂਬਰ ਹਨ। ਇਸ ਦੌਰਾਨ ਕੇ.ਕੇ.ਆਰ. ਦੇ ਟੀਮ ਪ੍ਰਬੰਧਨ ਨੇ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਕਮਿੰਸ ਅੱਗੇ ਦੇ ਮੈਚਾਂ ਵਿਚ ਨਹੀਂ ਖੇਡ ਸਕਣਗੇ। ਕਮਿੰਸ ਨੇ ਇਸ ਸੀਜ਼ਨ ਵਿਚ ਆਈ.ਪੀ.ਐੱਲ. ਵਿਚ ਸਿਰਫ਼ 5 ਮੈਚ ਖੇਡੇ ਹਨ, ਜਿਨ੍ਹਾਂ ਵਿਚ ਉਨ੍ਹਾਂ ਨੇ 7 ਵਿਕਟਾਂ ਲੈਣ ਦੇ ਇਲਾਵਾ 63 ਦੌੜਾਂ ਬਣਾਈਆਂ ਹਨ। ਇਸ 'ਚ ਮੁੰਬਈ ਇੰਡੀਅਨਜ਼ ਖ਼ਿਲਾਫ਼ 14 ਗੇਂਦਾਂ 'ਤੇ ਖੇਡੀ ਗਈ ਅਜੇਤੂ 56 ਦੌੜਾਂ ਦੀ ਪਾਰੀ ਵੀ ਸ਼ਾਮਲ ਹੈ। ਕੇ.ਕੇ.ਆਰ. ਦੇ 12 ਮੈਚਾਂ ਵਿੱਚ ਸਿਰਫ਼ 10 ਅੰਕ ਹਨ ਅਤੇ ਉਹ ਬਾਹਰ ਹੋਣ ਦੀ ਕਗਾਰ 'ਤੇ ਹੈ। ਉਨ੍ਹਾਂ ਦਾ ਅਗਲਾ ਮੁਕਾਬਲਾ ਸ਼ਨੀਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਨਾਲ ਹੋਵੇਗਾ।