ਨਿਊਜ਼ੀਲੈਂਡ ਹੱਥੋਂ ਕਰਾਰੀ ਹਾਰ ਮਗਰੋਂ ਬੰਗਲਾਦੇਸ਼ ਹੋਇਆ ਬਾਹਰ, ਪਾਕਿਸਤਾਨ ਦੀਆਂ ਉਮੀਦਾਂ ਦਾ ਵੀ ਬੁਝਿਆ ''ਦੀਵਾ''
Monday, Feb 24, 2025 - 10:06 PM (IST)

ਸਪੋਰਟਸ ਡੈਸਕ- ਅੱਜ ਪਾਕਿਸਤਾਨ ਦੇ ਰਾਵਲਪਿੰਡੀ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਚੈਂਪੀਅਨਜ਼ ਟਰਾਫੀ ਦੇ ਮੁਕਾਬਲੇ 'ਚ ਨਿਊਜ਼ੀਲੈਂਡ ਨੇ ਬੰਗਲਾਦੇਸ਼ ਨੂੰ 5 ਵਿਕਟਾਂ ਨਾਲ ਹਰਾ ਕੇ ਸ਼ਾਨ ਨਾਲ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਹੈ, ਜਦਕਿ ਹੁਣ ਗਰੁੱਪ-ਏ 'ਚੋਂ ਬੰਗਲਾਦੇਸ਼ ਤੇ ਪਾਕਿਸਤਾਨ ਦਾ ਟੂਰਨਾਮੈਂਟ 'ਚ ਸਫ਼ਰ ਸਮਾਪਤ ਹੋ ਗਿਆ ਹੈ, ਜਦਕਿ ਇਸ ਗਰੁੱਪ 'ਚੋਂ ਭਾਰਤ ਤੋਂ ਬਾਅਦ ਸੈਮੀਫਾਈਨਲ 'ਚ ਪਹੁੰਚਣ ਵਾਲੀ ਨਿਊਜ਼ੀਲੈਂਡ ਦੂਜੀ ਟੀਮ ਬਣ ਗਈ ਹੈ।
ਇਸ ਮੁਕਾਬਲੇ 'ਚ ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਨੇ ਕਪਤਾਨ ਨਜਮੁਲ ਹੁਸੈਨ ਸ਼ਾਂਤੋ (77) ਦੇ ਜੁਝਾਰੂ ਅਰਧ ਸੈਂਕੜੇ ਤੋਂ ਬਾਅਦ ਜਾਕਰ ਅਲੀ (45) ਤੇ ਰਾਸ਼ਿਦ ਹੁਸੈਨ (26) ਦੀਆਂ ਉਪਯੋਗੀ ਪਾਰੀਆਂ ਦੀ ਬਦੌਲਤ 50 ਓਵਰਾਂ 'ਚ 9 ਵਿਕਟਾਂ 236 ਦੌੜਾਂ ਬਣਾਈਆਂ ਸਨ।
237 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਸ਼ੁਰੂਆਤ ਖ਼ਰਾਬ ਰਹੀ ਤੇ ਓਪਨਰ ਵਿਲ ਯੰਗ ਬਿਨਾਂ ਖਾਤਾ ਖੋਲ੍ਹੇ ਹੀ ਤਸਕੀਨ ਅਹਿਮਦ ਦੀ ਗੇਂਦ 'ਤੇ ਕਲੀਨ ਬੋਲਡ ਹੋ ਗਏ। ਕੇਨ ਵਿਲੀਅਮਸਨ ਵੀ ਕੁਝ ਖ਼ਾਸ ਨਾ ਕਰ ਸਕੇ ਤੇ ਸਿਰਫ਼ 5 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।
ਇਸ ਤੋਂ ਬਾਅਦ ਡੇਵੌਨ ਕੌਨਵੇ ਨੇ 45 ਗੇਂਦਾਂ 'ਚ 30 ਦੌੜਾਂ ਬਣਾਈਆਂ ਤੇ ਰਚਿਨ ਰਵਿੰਦਰਾ ਨਾਲ ਮਿਲ ਕੇ ਟੀਮ ਨੂੰ ਸੰਭਾਲਿਆ। ਕਾਨਵੇ ਦੇ ਆਊਟ ਹੋਣ ਤੋਂ ਬਾਅਦ ਰਚਿਨ ਰਵਿੰਦਰਾ ਨੇ ਟਾਮ ਲੇਥਮ ਨਾਲ ਮਿਲ ਕੇ ਟੀਮ ਨੂੰ ਮੁਸ਼ਕਲ ਸਥਿਤੀ 'ਚੋਂ ਬਾਹਰ ਕੱਢਿਆ। ਰਚਿਨ 105 ਗੇਂਦਾਂ 'ਚ 112 ਦੌੜਾਂ ਦੀ ਸ਼ਾਨਦਾਰ ਸੈਂਕੜੇ ਵਾਲੀ ਪਾਰੀ ਖੇਡ ਕੇ ਤੇ ਟੀਮ ਨੂੰ ਜਿੱਤ ਦੀ ਦਹਿਲੀਜ਼ 'ਤੇ ਪਹੁੰਚ ਕੇ ਆਊਟ ਹੋਇਆ।
ਇਸ ਮਗਰੋਂ ਟਾਮ ਲੇਥਮ ਨੇ ਵੀ 76 ਗੇਂਦਾਂ 'ਚ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਤੇ 55 ਦੌੜਾਂ ਬਣਾਈਆਂ। ਇਨ੍ਹਾਂ ਤੋਂ ਬਾਅਦ ਗਲੇਨ ਫਿਲਿਪਸ (21*) ਤੇ ਬ੍ਰੇਸਵੈੱਲ (11*) ਨੇ ਅੰਤ 'ਚ ਮੋਰਚਾ ਸਾਂਭਿਆ ਤੇ ਟੀਮ ਨੂੰ ਜਿੱਤ ਦਿਵਾਈ। ਬੰਗਲਾਦੇਸ਼ ਵੱਲੋਂ ਤਸਕੀਨ ਅਹਿਮਦ, ਨਾਹਿਦ ਰਾਣਾ, ਮੁਸਤਾਫਿਜ਼ੁਰ ਰਹਿਮਾਨ ਤੇ ਰਾਸ਼ਿਦ ਹੁਸੈਨ ਨੇ 1-1 ਕੀਵੀ ਬੱਲੇਬਾਜ਼ ਨੂੰ ਆਊਟ ਕੀਤਾ।
ਇਹ ਵੀ ਪੜ੍ਹੋ- ਫੇਲ੍ਹ ਹੋ ਗਿਆ IIT ਬਾਬਾ ! ਚੈਂਪੀਅਨਜ਼ ਟਰਾਫ਼ੀ 'ਚ ਭਾਰਤ 'ਤੇ ਪਾਕਿਸਤਾਨ ਦੀ ਜਿੱਤ ਦੀ ਕੀਤੀ ਸੀ ਭਵਿੱਖਬਾਣੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e