ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ 78 ਦੌੜਾਂ ਨਾਲ ਹਰਾਇਆ

Monday, Feb 10, 2025 - 03:40 PM (IST)

ਨਿਊਜ਼ੀਲੈਂਡ ਨੇ ਪਾਕਿਸਤਾਨ ਨੂੰ 78 ਦੌੜਾਂ ਨਾਲ ਹਰਾਇਆ

ਲਾਹੌਰ– ਗਲੇਨ ਫਿਲਿਪਸ ਦੇ ਪਹਿਲੇ ਵਨ ਡੇ ਕੌਮਾਂਤਰੀ ਸੈਂਕੜੇ ਦੀ ਬਦੌਲਤ ਨਿਊਜ਼ੀਲੈਂਡ ਨੇ ਇੱਥੇ ਤਿਕੋਣੀ ਵਨ ਡੇ ਲੜੀ ਦੇ ਪਹਿਲੇ ਮੈਚ ਵਿਚ ਦੇਰ ਰਾਤ ਪਾਕਿਸਤਾਨ ਨੂੰ 78 ਦੌੜਾਂ ਨਾਲ ਹਰਾ ਦਿੱਤਾ। ਫਿਲਿਪਸ ਨੇ 74 ਗੇਂਦਾਂ ਵਿਚ 6 ਚੌਕਿਆਂ ਤੇ 7 ਛੱਕਿਆਂ ਨਾਲ 74 ਗੇਂਦਾਂ ਵਿਚ ਅਜੇਤੂ 106 ਦੌੜਾਂ ਦੀ ਪਾਰੀ ਖੇਡ ਕੇ ਚੈਂਪੀਅਨਜ਼ ਟਰਾਫੀ ਦੀ ਆਪਣੀ ਪੁਖਤਾ ਤਿਆਰੀ ਦਾ ਨਜ਼ਾਰਾ ਪੇਸ਼ ਕੀਤਾ। ਉਸਦੀ ਪਾਰੀ ਦੀ ਬਦੌਲਤ ਨਿਊਜ਼ੀਲੈਂਡ ਨੇ 6 ਵਿਕਟਾਂ ’ਤੇ 330 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਡੈਰਿਲ ਮਿਸ਼ੇਲ (81) ਤੇ ਕੇਨ ਵਿਲੀਅਮਸਨ (58) ਨੇ ਵੀ ਨਿਊਜ਼ੀਲੈਂਡ ਲਈ ਅਰਧ ਸੈਂਕੜੇ ਲਾਏ।

ਇਸ ਦੇ ਜਵਾਬ ਵਿਚ ਪਾਕਿਸਤਾਨ ਦੀ ਟੀਮ 47.5 ਓਵਰਾਂ ਵਿਚ 252 ਦੌੜਾਂ ’ਤੇ ਸਿਮਟ ਗਈ। ਨਿਊਜ਼ੀਲੈਂਡ ਵੱਲੋਂ ਮਿਸ਼ੇਲ ਸੈਂਟਨਰ ਨੇ 41 ਜਦਕਿ ਮੈਟ ਹੈਨਰੀ ਨੇ 53 ਦੌੜਾਂ ਦੇ ਕੇ 3-3 ਵਿਕਟਾਂ ਲਈਆਂ। ਬੀਮਾਰ ਹੋਣ ਕਾਰਨ 8 ਮਹੀਨੇ ਤੋਂ ਵੱਧ ਸਮੇਂ ਵਿਚ ਆਪਣਾ ਪਹਿਲਾ ਕੌਮਾਂਤਰੀ ਮੈਚ ਖੇਡ ਰਿਹਾ ਸਲਾਮੀ ਬੱਲੇਬਾਜ਼ ਫਖ਼ਰ ਜ਼ਮਾਂ 69 ਗੇਂਦਾਂ ਵਿਚ 7 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 84 ਦੌੜਾਂ ਬਣਾ ਕੇ ਟੀਮ ਦਾ ਟਾਪ ਸਕੋਰਰ ਰਿਹਾ।
 


author

Tarsem Singh

Content Editor

Related News