ਇਨ੍ਹਾਂ 3 ਬੱਲੇਬਾਜਾਂ ਕਾਰਨ ਹਾਰਿਆ ਹੋਇਆ ਮੈਚ ਜਿੱਤੇ ਧੋਨੀ, ਇਕ ਨੂੰ ਕਦੇ ਕੀਤਾ ਸੀ ਵਨਡੇ ਵਿਸ਼ਵ ਕੱਪ ''ਚੋਂ ਬਾਹਰ
Tuesday, May 30, 2023 - 01:27 PM (IST)
ਸਪੋਰਟਸ ਡੈਸਕ : ਚੇਨਈ ਸੁਪਰ ਕਿੰਗਜ਼ ਨੇ ਆਈ. ਪੀ. ਐੱਲ. 2023 ਦਾ ਖਿਤਾਬ ਜਿੱਤ ਲਿਆ ਹੈ। ਇਸ ਨਾਲ ਚੇਨਈ 5ਵੀਂ ਵਾਰ ਚੈਂਪੀਅਨ ਬਣ ਗਈ ਹੈ। ਹਾਲਾਂਕਿ, ਇਕ ਸਮੇਂ 'ਤੇ ਟੀਮ ਹਾਰਦੀ ਨਜ਼ਰ ਆ ਰਹੀ ਸੀ ਜਦੋਂ ਉਸ ਨੂੰ ਜਿੱਤ ਲਈ ਆਖ਼ਰੀ 2 ਗੇਂਦਾਂ 'ਤੇ 10 ਦੌੜਾਂ ਦੀ ਜ਼ਰੂਰਤ ਸੀ। ਇਹ ਰਵਿੰਦਰ ਜਡੇਜਾ ਦਾ ਧੰਨਵਾਦ ਹੈ ਜਿਸ ਨੇ ਇੱਕ ਛੱਕਾ ਅਤੇ ਇੱਕ ਚੌਕਾ ਲਗਾ ਕੇ ਟੀਮ ਨੂੰ ਜਿੱਤ ਦਾ ਮੂੰਹ ਵਿਖਾਇਆ। ਮੈਚ ਦੀ ਹੀ ਗੱਲ ਕਰੀਏ ਤਾਂ ਚੇਨਈ ਨੇ ਇਹ ਹਾਰਿਆ ਹੋਇਆ ਮੈਚ 3 ਬੱਲੇਬਾਜ਼ਾਂ ਦੀ ਬਦੌਲਤ ਜਿੱਤਿਆ ਹੈ। ਉਨ੍ਹਾਂ 'ਚੋਂ ਇੱਕ ਅਜਿਹਾ ਬੱਲੇਬਾਜ਼ ਸੀ, ਜਿਸ ਨੂੰ ਇੱਕ ਵਾਰ ਟੀਮ ਇੰਡੀਆ ਨੇ ਵਨਡੇ ਵਿਸ਼ਵ ਕੱਪ ਤੋਂ ਬਾਹਰ ਕਰ ਦਿੱਤਾ ਸੀ।
1. ਡੇਵੋਨ ਕੋਨਵੇ
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਟਾਈਟਨਸ ਨੇ 20 ਓਵਰਾਂ 'ਚ 215 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਜਦੋਂ ਚੇਨਈ ਜਵਾਬ 'ਚ ਉਤਰਿਆ ਤਾਂ ਮੀਂਹ ਪੈਣ ਲੱਗ ਪਿਆ ਸੀ। ਮੈਚ 15 ਓਵਰਾਂ ਤੱਕ ਦੇਰੀ ਨਾਲ ਸ਼ੁਰੂ ਹੋਇਆ, ਜਿਸ ਨਾਲ ਚੇਨਈ ਨੂੰ 15 ਓਵਰਾਂ 'ਚ 171 ਦੌੜਾਂ ਦਾ ਟੀਚਾ ਮਿਲਿਆ। ਜਵਾਬ 'ਚ ਡੇਵੋਨ ਕੋਨਵੇ ਨੇ ਚੇਨਈ ਲਈ ਤੇਜ਼ ਪਾਰੀ ਖੇਡ ਕੇ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿਵਾਈ। ਕੋਨਵੇ ਨੇ 25 ਗੇਂਦਾਂ 'ਤੇ 47 ਦੌੜਾਂ ਦੀ ਪਾਰੀ ਖੇਡੀ, ਜਿਸ 'ਚ 5 ਚੌਕੇ ਅਤੇ 2 ਛੱਕੇ ਸ਼ਾਮਲ ਸਨ। ਉਸ ਦੀ ਪਾਰੀ ਦੀ ਮਦਦ ਨਾਲ ਚੇਨਈ ਚੰਗੀ ਸ਼ੁਰੂਆਤ ਕਰ ਸਕੀ। ਉਸ ਨੇ ਰੁਤੂਰਾਜ ਗਾਇਕਵਾੜ ਨਾਲ ਪਹਿਲੀ ਵਿਕਟ ਲਈ 6.3 ਓਵਰਾਂ 'ਚ 74 ਦੌੜਾਂ ਦੀ ਸਾਂਝੇਦਾਰੀ ਕੀਤੀ। ਗਾਇਕਵਾੜ ਨੇ 16 ਗੇਂਦਾਂ 'ਚ 26 ਦੌੜਾਂ ਬਣਾਈਆਂ।
2. ਅੰਬਾਤੀ ਰਾਇਡੂ
ਰਾਇਡੂ ਦਾ ਇਹ ਆਖ਼ਰੀ ਆਈ. ਪੀ. ਐੱਲ. ਮੈਚ ਸੀ। ਉਸ ਨੇ ਮੈਚ ਤੋਂ ਪਹਿਲਾਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਸੀ ਪਰ ਉਸ ਨੇ ਆਪਣੀ ਪਾਰੀ ਦੇ ਦਮ 'ਤੇ ਇਸ ਨੂੰ ਯਾਦਗਾਰ ਬਣਾ ਦਿੱਤਾ। 5ਵੇਂ ਨੰਬਰ 'ਤੇ ਆਉਂਦੇ ਹੋਏ ਰਾਇਡੂ ਨੇ 8 ਗੇਂਦਾਂ 'ਚ 19 ਦੌੜਾਂ ਬਣਾਈਆਂ, ਜਿਸ 'ਚ 1 ਚੌਕਾ ਅਤੇ 2 ਛੱਕੇ ਸ਼ਾਮਲ ਸਨ। ਇਹ ਉਹ ਪਾਰੀ ਹੈ, ਜਿਸ ਨੇ ਆਖ਼ਰੀ ਪਲਾਂ 'ਚ ਚੇਨਈ ਨੂੰ ਮੈਚ 'ਚ ਲਿਆਉਣ ਦਾ ਕੰਮ ਕੀਤਾ। ਜੇਕਰ ਰਾਇਡੂ ਨੇ ਅਜਿਹੀ ਪਾਰੀ ਨਾ ਖੇਡੀ ਹੁੰਦੀ ਤਾਂ ਨਤੀਜਾ ਬਦਲ ਸਕਦਾ ਸੀ। ਦੱਸ ਦੇਈਏ ਕਿ ਰਾਇਡੂ ਨੂੰ 2019 ਵਿਸ਼ਵ ਕੱਪ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਉਦੋਂ ਕਾਫੀ ਹੰਗਾਮਾ ਹੋਇਆ ਪਰ ਅੱਜ ਇਸੇ ਖਿਡਾਰੀ ਨੇ ਧੋਨੀ ਲਈ ਖਿਤਾਬ ਜਿੱਤਣ ਦਾ ਕੰਮ ਕੀਤਾ।
3. ਰਵਿੰਦਰ ਜਡੇਜਾ
ਜਦੋਂਕਿ ਧੋਨੀ ਦੇ 5ਵੇਂ ਖਿਤਾਬ ਲਈ ਸਭ ਤੋਂ ਅਹਿਮ ਭੂਮਿਕਾ ਜਡੇਜਾ ਨੇ ਨਿਭਾਈ। ਜਿੱਤ ਲਈ ਆਖ਼ਰੀ 2 ਗੇਂਦਾਂ 'ਤੇ 10 ਦੌੜਾਂ ਦੀ ਲੋੜ ਸੀ। ਸਾਹਮਣੇ ਮੋਹਿਤ ਸ਼ਰਮਾ ਸੀ, ਜੋ ਯਾਰਕਰ ਸੁੱਟ ਰਿਹਾ ਸੀ ਪਰ ਜਡੇਜਾ ਨੇ 5ਵੀਂ ਗੇਂਦ 'ਤੇ ਛੱਕਾ ਜੜਿਆ, ਫਿਰ ਆਖ਼ਰੀ ਗੇਂਦ 'ਤੇ 4 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ। ਇਹ ਇੱਕ ਸ਼ਾਨਦਾਰ ਨਜ਼ਾਰਾ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।