CSK ਦੇ ਨਾਂ ਦਰਜ ਹੋਇਆ ਵੱਡਾ ਰਿਕਾਰਡ, ਰਨ ਚੇਜ਼ ''ਚ ਆਖ਼ਰੀ ਗੇਂਦ ''ਤੇ ਦਰਜ ਕੀਤੀਆਂ ਸਭ ਤੋਂ ਜ਼ਿਆਦਾ ਜਿੱਤਾਂ
Friday, Apr 22, 2022 - 02:12 PM (IST)
ਨਵੀਂ ਮੁੰਬਈ- ਚੇਨਈ ਸੁਪਰ ਕਿੰਗਜ਼ ਨੇ ਵੀਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਦੇ ਇਤਿਹਾਸ 'ਚ ਦੌੜਾਂ ਦਾ ਪਿੱਛਾ ਕਰਦੇ ਹੋਏ ਆਖ਼ਰੀ ਗੇਂਦ 'ਤੇ ਸਭ ਤੋਂ ਜ਼ਿਆਦਾ ਜਿੱਤ ਦਰਜ ਕਰਨ ਦਾ ਰਿਕਾਰਡ ਕਾਇਮ ਕੀਤਾ ਹੈ। ਚੇਨਈ ਨੇ ਮੁੰਬਈ ਇੰਡੀਅਨਜ਼ ਦੇ ਖ਼ਿਲਾਫ਼ ਇਹ ਉਪਲੱਬਧੀ ਹਾਸਲ ਕੀਤੀ, ਜਿੱਥੇ ਮਹਾਨ ਭਾਰਤੀ ਵਿਕਟਕੀਪਰ-ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੇ ਆਖ਼ਰੀ ਓਵਰ 'ਚ 17 ਦੌੜਾਂ ਬਣਾਈਆਂ ਤੇ ਆਈ. ਪੀ. ਐੱਲ. 2022 ਦੀ ਇਕ ਹੋਰ ਰੋਮਾਂਚਕ ਜਿੱਤ ਆਪਣੇ ਨਾਂ ਕੀਤੀ।
ਇਸ ਜਿੱਤ ਨਾਲ ਚੇਨਈ ਨੇ ਰਨ ਚੇਜ਼ 'ਚ ਆਖ਼ਰੀ ਗੇਂਦ 'ਤੇ ਕੁਲ ਅੱਠ ਜਿੱਤ ਦਰਜ ਕੀਤੀਆਂ ਹਨ। ਇਸ ਤੋਂ ਬਾਅਦ ਦੂਜੇ ਨੰਬਰ 'ਤੇ ਮੁੰਬਈ ਇੰਡੀਅਨਜ਼ ਹੈ ਜਿਸ ਨੇ ਕੁਲ 6 ਜਿੱਤ ਦਰਜ ਕੀਤੀਆਂ ਹਨ। ਮੈਚ ਦੀ ਗੱਲ ਕਰੀਏ ਤਾਂ ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਸੀ. ਐੱਸ. ਕੇ. ਦੇ ਮੁਕੇਸ਼ ਚੌਧਰੀ ਨੇ ਪਹਿਲੇ ਹੀ ਓਵਰ 'ਚ ਸਲਾਮੀ ਬੱਲੇਬਾਜ਼ਾਂ ਨੂੰ ਸਿਫ਼ਰ 'ਤੇ ਆਊਟ ਕਰ ਦਿੱਤਾ। ਇਸ ਤੋਂ ਬਾਅਦ ਮੁੰਬਈ ਨੇ ਤਿਲਕ ਵਰਮਾ ਦੀਆਂ 43 ਗੇਂਦਾਂ 'ਚ 51 ਦੌੜਾਂ ਦੀ ਮਦਦ ਨਾਲ 155 ਦੌੜਂ ਬਣਾਉਣ 'ਚ ਸਫਲਤਾ ਹਾਸਲ ਕੀਤੀ।
ਟੀਚੇ ਦਾ ਪਿੱਛਾ ਕਰਨ ਮੈਦਾਨ 'ਤੇ ਉਤਰੀ ਸੀ. ਐੱਸ. ਕੇ. ਨੂੰ ਇਕ ਸਮੇਂ ਜਿੱਤ ਲਈ ਸੰਘਰਸ਼ ਕਰਨਾ ਪਿਆ ਸੀ ਪਰ ਪ੍ਰਿਟੋਰੀਅਸ (14 'ਚੋਂ 22) ਤੇ ਫਿਨਿਸ਼ਰ ਐੱਮ. ਐੱਸ. ਧੋਨੀ (13 ਗੇਂਦਾਂ 'ਤੇ 28*) ਨੇ ਟੀਮ ਨੂੰ ਜਿੱਤ ਦਿਵਾਈ। ਧੋਨੀ ਨੇ ਆਖ਼ਰੀ ਗੇਂਦ 'ਤੇ ਬਾਊਂਡਰੀ ਲਗਾ ਕੇ ਮੈਚ ਦਾ ਅੰਤ ਕਰਦੇ ਹੋਏ ਆਈ. ਪੀ. ਐੱਲ. 2022 ਦੀ ਦੂਜੀ ਜਿੱਤ ਆਪਣੇ ਨਾਂ ਕੀਤੀ।