ਕ੍ਰਿਕਟ ਦੱ. ਅਫਰੀਕਾ ਨੇ ਜਨਤਕ ਕੀਤੀਆਂ ਨਸਲਵਾਦ ਨਾਲ ਨਜਿੱਠਣ ਲਈ ਯੋਜਨਾਵਾਂ
Saturday, Jul 25, 2020 - 10:54 PM (IST)
 
            
            ਜੋਹਾਨਸਬਰਗ– ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਨੇ ਦੇਸ਼ ਵਿਚ ਕ੍ਰਿਕਟ ਵਿਚ ਨਸਲਵਾਦ ਨਾਲ ਨਜਿੱਠਣ ਲਈ ਕਦਮ ਚੁੱਕਦੇ ਹੋਏ ਆਪਣੀਆਂ ਯੋਜਨਾਵਾਂ ਨੂੰ ਜਨਤਕ ਕੀਤਾ ਹੈ। ਸੀ. ਐੱਸ. ਏ. ਦੀ ਪਰਿਵਰਤਨ ਕਮੇਟੀ ਨੇ ਕ੍ਰਿਕਟ ਫਾਰ ਸੋਸ਼ਲ ਜਸਟਿਸ ਐਂਡ ਨੇਸ਼ਨ ਬਿਲਡਿੰਗ (ਐੱਸ. ਜੇ. ਐੱਨ.) ਨਾਂ ਦੀ ਲੰਬੇ ਸਮੇਂ ਦੀ ਪ੍ਰਤੀਕਿਰਿਆ ਰਣਨੀਤੀ ਯੋਜਨਾ ਦਾ ਐਲਾਨ ਕੀਤਾ ਹੈ। ਸੀ. ਐੱਸ. ਏ. ਨੇ ਯੋਜਨਾ ਦੇ ਬਾਰੇ ਵਿਚ ਕਿਹਾ,''ਕ੍ਰਿਕਟ ਪ੍ਰਸ਼ੰਸਕ, ਦੱਖਣੀ ਅਫਰੀਕੀ ਲੋਕ ਤੇ ਸ਼ੇਅਰ ਹੋਲਡਰ ਗਰੁੱਪਾਂ ਦੀ ਮਨਜ਼ੂਰੀ ਜਾਂ ਨਾਰਾਜ਼ਗੀ ਨੂੰ ਅਣਦੇਖਿਆ ਨਹੀਂ ਕੀਤਾ ਜਾ ਸਕਦਾ।''
ਵੈਸਟਇੰਡੀਜ਼ ਦੇ ਕ੍ਰਿਕਟਰ ਡੈਰੇਨ ਸੈਮੀ ਨੇ ਦੋਸ਼ ਲਾਇਆ ਸੀ ਕਿ ਭਾਰਤ ਵਿਚ ਆਈ. ਪੀ. ਐੱਲ. ਟੀਮ ਸਨਰਾਈਜ਼ਰਜ਼ ਹੈਦਰਾਬਾਦ ਦੇ ਡ੍ਰੈਸਿੰਗ ਰੂਮ ਵਿਚ ਉਸ ਨੂੰ ਨਸਲਵਾਦ ਦਾ ਸ਼ਿਕਾਰ ਹੋਣਾ ਪਿਆ ਸੀ ਤੇ ਇਕ 'ਇਤਰਾਜ਼ਯੋਗ' ਨਾਂ ਦਿੱਤਾ ਗਿਆ ਸੀ। ਇਸ ਦੋਸ਼ ਤੋਂ ਬਾਅਦ ਤੋਂ ਨਸਲਵਾਦ ਵਿਰੁੱਧ ਅੰਦੋਲਨ 'ਬਲੈਕ ਲਾਈਵਸ ਮੈਟਰ' ਕ੍ਰਿਕਟ ਦਾ ਇਕ ਹਿੱਸਾ ਬਣ ਗਿਆ ਹੈ। ਇਸ ਤੋਂ ਬਾਅਦ ਕ੍ਰਿਕਟ ਵਿਚ ਇਸ ਅੰਦੋਲਨ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਦੱਖਣੀ ਅਫਰੀਕਾ ਦੇ ਕ੍ਰਿਕਟਰ ਲੂੰਗੀ ਇਨਗਿਡੀ ਨੇ ਇਕ ਪੱਤਰਕਾਰ ਸੰਮੇਲਨ ਵਿਚ ਕ੍ਰਿਕਟ ਵਿਚ ਨਸਲਵਾਦ ਦਾ ਮੁੱਦਾ ਚੁੱਕਿਆ ਤੇ ਦੇਸ਼ ਵਿਚ ਕ੍ਰਿਕਟ ਭਾਈਚਾਰੇ ਨੂੰ ਨਸਲਵਾਦ ਵਿਰੁੱਧ ਖੜ੍ਹਾ ਹੋਣ ਦੀ ਅਪੀਲ ਕੀਤੀ। ਇਸ ਤੋਂ ਤੁਰੰਤ ਬਾਅਦ ਦੱਖਣੀ ਅਫਰੀਕਾ ਦੇ 36 ਮੁੱਖ ਖਿਡਾਰੀ ਤੇ ਕੋਚ ਨੇ ਇਨਗਿਡੀ ਦੇ ਪ੍ਰਤੀ ਆਪਣਾ ਸਮਰਥਨ ਜਤਾਇਆ ਸੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            