ਕ੍ਰਿਕਟ ਫੈਨਜ਼ ਲਈ ਚੰਗੀ ਖ਼ਬਰ, IPL ਦੇ ਆਯੋਜਨ ਲਈ ਤਿਆਰ ਹੈ UAE
Friday, Jul 17, 2020 - 03:45 PM (IST)
ਦੁਬਈ : ਭਾਰਤ ਵਿਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਇੰਡੀਅਨ ਪ੍ਰੀਮੀਅਰ ਲੀਗ (IPL) ਨੂੰ ਸੰਯੁਕਤ ਅਰਬ ਅਮੀਰਾਤ ਵਿਚ ਆਯੋਜਿਤ ਕਰਣ ਦੀਆਂ ਅਟਕਲਾਂ ਦੌਰਾਨ ਦੁਬਈ ਸਿਟੀ ਦੇ ਕ੍ਰਿਕੇਟ ਅਤੇ ਪ੍ਰਤੀਯੋਗਿਤਾ ਮੁੱਖੀ ਸਲਮਾਨ ਹਨੀਫ ਨੇ ਕਿਹਾ ਕਿ ਉਹ ਇਸ ਤਰ੍ਹਾਂ ਦੇ ਵੱਡੇ ਟੂਰਨਾਮੈਂਟ ਦੇ ਪ੍ਰਬੰਧ ਲਈ ਆਪਣੀ ਸੁਵਿਧਾਵਾਂ ਨੂੰ ਤਿਆਰ ਰੱਖ ਰਹੇ ਹਨ। ਆਈ.ਪੀ.ਐਲ. ਦਾ ਪ੍ਰਬੰਧ ਸਤੰਬਰ-ਅਕਤੂਬਰ ਵਿਚ ਕੀਤਾ ਜਾ ਸਕਦਾ ਹੈ, ਕਿਉਂਕਿ 18 ਅਕਤੂਬਰ ਤੋਂ 15 ਨਵੰਬਰ ਵਿਚਾਲੇ ਆਸਟ੍ਰੇਲੀਆ ਵਿਚ ਹੋਣ ਵਾਲੇ ਟੀ20 ਵਰਲਡ ਕਪ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ।
ਹਨੀਫ ਨੇ 'ਗਲਫ ਨਿਊਜ' ਨਾਲ ਗੱਲ ਕਰਦੇ ਹੋਏ ਕਿਹਾ ਕਿ ਦੁਬਈ ਸਪੋਰਟਸ ਸਿਟੀ ਇਸ ਟੀ20 ਲੀਗ ਦੇ ਸੰਭਾਵਿਤ ਸਥਾਨ ਦੇ ਤੌਰ 'ਤੇ ਤਿਆਰ ਹੈ। ਸਪੋਰਟਸ ਸਿਟੀ ਵਿਚ ਦੁਬਈ ਇੰਟਰਨੈਸ਼ਨਲ ਸਟੇਡੀਅਮ ਅਤੇ ਆਈ.ਸੀ.ਸੀ. ਅਕੈਡਮੀ ਸ਼ਾਮਲ ਹੈ। ਹਨੀਫ ਨੇ ਕਿਹਾ, 'ਜੇਕਰ ਘੱਟ ਸਮੇਂ ਵਿਚ ਜ਼ਿਆਦਾ ਮੈਚਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ ਤਾਂ ਸਟੇਡੀਅਮ ਵਿਚ 9 ਵਿਕੇਟਾਂ ਬਹੁਤ ਚੰਗੀ ਹਾਲਤ ਵਿਚ ਹਨ। ਅਸੀਂ ਵਿਕੇਟਾਂ ਨੂੰ ਤਰੋਤਾਜ਼ਾ ਰੱਖਣ ਲਈ ਹੋਰ ਮੈਚਾਂ ਦਾ ਪ੍ਰਬੰਧ ਨਹੀਂ ਕਰਾਂਗੇ।'
ਯੂ.ਏ.ਈ. ਵਿਚ ਕੋਰੋਨਾ ਵਾਇਰਸ ਦੇ 50,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 300 ਤੋਂ ਜ਼ਿਆਦਾ ਲੋਕਾਂ ਨੇ ਜਾਨ ਗਵਾਈ ਹੈ। ਭਾਰਤ ਵਿਚ ਇਹ ਅੰਕੜਾ 10 ਲੱਖ ਨੂੰ ਪਾਰ ਕਰ ਚੁੱਕਾ ਹੈ ਅਤੇ 25,000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।