ਟੀਮ ਇੰਡੀਆ ਦੀ ਮਹਿਮਾਨਨਿਵਾਜ਼ੀ ''ਚ ਕੋਈ ਕਸਰ ਨਹੀਂ ਛੱਡੇਗਾ ਕ੍ਰਿਕਟ ਆਸਟਰੇਲੀਆ

11/14/2020 1:27:20 AM

ਸਿਡਨੀ– ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਟੀਮ ਇੰਡੀਆ 2 ਮਹੀਨਿਆਂ ਦੇ ਆਸਟਰੇਲੀਆ ਦੌਰੇ ਲਈ ਸਿਡਨੀ ਪਹੁੰਚ ਚੁੱਕੀ ਹੈ, ਜਿੱਥੇ ਕ੍ਰਿਕਟ ਆਸਟਰੇਲੀਆ (ਸੀ. ਏ.) ਨੇ ਭਾਰਤੀ ਟੀਮ ਦੀ ਮਹਿਮਾਨਨਿਵਾਜ਼ੀ ਵਿਚ ਕੋਈ ਕਸਰ ਨਾ ਛੱਡਣ ਦਾ ਫੈਸਲਾ ਕੀਤਾ ਹੈ।
ਸੀ. ਏ. ਇਹ ਤੈਅ ਕਰਨ ਵਿਚ ਲੱਗਾ ਹੈ ਕਿ ਭਾਰਤੀ ਟੀਮ ਨੂੰ ਆਪਣੇ ਦੋ ਮਹੀਨਿਆਂ ਦੇ ਆਸਟਰੇਲੀਆਈ ਦੌਰੇ ਵਿਚ ਕਿਸੇ ਤਰ੍ਹਾਂ ਦੀ ਤਕਲੀਫ ਜਾਂ ਪ੍ਰੇਸ਼ਾਨੀ ਨਾ ਹੋਵੇ। ਸਹਿਯੋਗੀ ਸਟਾਫ ਸਮੇਤ 32 ਮੈਂਬਰੀ ਦਲ ਆਪਣੇ ਪਹਿਲੇ ਦੋ ਹਫਤੇ ਇਕਤਾਂਵਾਸ ਵਿਚ ਬਿਤਾਏਗਾ, ਹਾਲਾਂਕਿ ਉਥੇ ਉਨ੍ਹਾਂ ਨੂੰ ਟ੍ਰੇਨਿੰਗ ਕਰਨ ਦੀ ਮਨਜ਼ੂਰੀ ਹੋਵੇਗੀ। 14 ਦਿਨਾਂ ਦੇ ਇਕਾਂਤਵਾਸ ਦੇ ਪੂਰਾ ਹੋਣ ਤੋਂ ਬਾਅਦ ਭਾਰਤੀਆਂ ਨੂੰ ਘੁੰਮਣ-ਫਿਰਨ ਲਈ ਥੋੜੀ ਛੋਟ ਮਿਲਣ ਦੀ ਸੰਭਾਵਨਾ ਹੈ। ਇਹ ਛੋਟ ਵੱਖ-ਵੱਖ ਰਾਜਾਂ ਵਿਚ ਲੱਗੀਆਂ ਪਾਬੰਦੀਆਂ 'ਤੇ ਨਿਰਭਰ ਕਰੇਗੀ।
ਆਈ. ਪੀ. ਐੱਲ. ਵਿਚ ਸ਼ਾਮਲ ਆਸਟਰੇਲੀਆਈ ਖਿਡਾਰੀਆਂ ਤੇ ਕੋਚਾਂ ਦੇ ਨਾਲ ਭਾਰਤੀ ਟੀਮ 4 ਵੱਖ-ਵੱਖ ਬੱਸਾਂ ਰਾਹੀਂ ਇਕੱਠੇ ਹੋਟਲ ਪਹੁੰਚੀ। ਉਥੇ ਹੋਟਲ ਦੇ ਸੁਰੱਖਿਆ ਕਰਮਚਾਰੀਆਂ ਤੋਂ ਇਲਾਵਾ ਸੈਨਾ ਤੇ ਪੁਲਸ ਦੇ ਜਵਾਨਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਭਾਰਤੀ ਟੀਮ ਨੂੰ ਪੁਲਮੈਨ ਹੋਟਲ ਵਿਚ ਠਹਿਰਾਇਆ ਗਿਆ ਹੈ। ਟੀਮ 14 ਦਿਨਾਂ ਤਕ ਇੱਥੇ ਰਹੇਗੀ।
ਇੱਥੇ ਕਪਤਾਨ ਵਿਰਾਟ ਕੋਹਲੀ ਨੂੰ ਵਿਸ਼ੇਸ਼ ਪੇਂਟਹਾਊਸ ਦਿੱਤਾ ਗਿਆ ਹੈ, ਜਿਸ ਵਿਚ ਆਮ ਤੌਰ 'ਤੇ ਰਗਬੀ ਦਾ ਧਾਕੜ ਖਿਡਾਰੀ ਬ੍ਰੈਡ ਫਿਟਲਰ ਠਹਿਰਦਾ ਹੈ। ਆਸਟਰੇਲੀਆ ਸਰਕਾਰ ਨੇ ਖਿਡਾਰੀਆਂ ਦੇ ਪਰਿਵਾਰਾਂ ਨੂੰ ਵੀ ਨਾਲ ਠਹਿਰਨ ਦੀ ਮਨਜ਼ੂਰੀ ਦਿੱਤੀ ਹੈ ਤੇ ਇਨ੍ਹਾਂ ਨੂੰ ਵੀ ਇਕਾਂਤਵਾਸ ਪ੍ਰੋਟੋਕਾਲ ਵਿਚੋਂ ਲੰਘਣਾ ਪਵੇਗਾ। ਆਰ. ਅਸ਼ਵਿਨ, ਚੇਤੇਸ਼ਵਰ ਪੁਜਾਰਾ ਤੇ ਅਜਿੰਕਯ ਰਹਾਨੇ ਆਪਣੀਆਂ ਪਤਨੀਆਂ ਤੇ ਬੱਚਿਆਂ ਦੇ ਨਾਲ ਆਸਟਰੇਲੀਆ ਦੌਰੇ 'ਤੇ ਗਏ ਹਨ।
ਟੀਮ ਇੰਡੀਆ ਦਾ ਅਭਿਆਸ ਸੈਸ਼ਨ ਬਲੈਕਟਾਊਨ ਕੌਮਾਂਤਰੀ ਸਪੋਰਟਸ ਪਾਰਕ ਵਿਚ ਹੋਵੇਗਾ ਤੇ ਇਸ ਦੇ ਲਈ ਸਟੇਡੀਅਮ ਨੂੰ ਪੂਰੀ ਤਰ੍ਹਾਂ ਬਾਓ ਸਕਿਓਰ ਕੀਤਾ ਗਿਆ ਹੈ । ਸਿਡਨੀ ਵਿਚ ਖਿਡਾਰੀਆਂ ਦੇ ਸ਼ੁਰੂਆਤੀ ਕੁਝ ਦਿਨਾਂ ਵਿਚ ਸਿਹਤ ਤੇ ਸੁਰੱਖਿਆ ਦੇ ਮੱਦੇਨਜ਼ਰ ਚੌਕਸੀ ਦੇ ਤੌਰ 'ਤੇ ਆਰਾਮ ਕਰਨ ਦੀ ਉਮੀਦ ਹੈ। ਉਨ੍ਹਾਂ ਨੂੰ ਕਿਸੇ ਹੋਰ ਦੇ ਕਮਰੇ ਵਿਚ ਪ੍ਰਵੇਸ਼ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਇਹ ਪ੍ਰੋਟੋਗਾਲ ਉਨ੍ਹਾਂ ਦੇ ਇਕਾਂਤਵਾਸ ਮਿਆਦ ਤਕ ਲਾਗੂ ਰਹੇਗਾ।
ਭਾਰਤੀ ਖਿਡਾਰੀ 14 ਨਵੰਬਰ ਤੋਂ ਬਾਅਦ ਟ੍ਰੇਨਿੰਗ ਸ਼ੁਰੂ ਕਰ ਸਕਦੇ ਹਨ ਤੇ ਉਨ੍ਹਾਂ ਵਿਚੋਂ ਕਿੰੰਨੇ ਲੋਕ ਇਕੱਠੇ ਟ੍ਰੇਨਿੰਗ ਕਰ ਸਕਦੇ ਹਨ, ਇਸ 'ਤੇ ਕੋਈ ਪਾਬੰਦੀ ਨਹੀਂ ਹੈ। ਟੀਮ ਮੈਨੇਜਮੈਂਟ ਨੇ ਖਿਡਾਰੀਆਂ ਨੂੰ ਪੂਰੀ ਗੰਭੀਰਤਾ ਨਾਲ ਸਿਹਤ ਸਬੰਧੀ ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਭਾਰਤੀ ਖਿਡਾਰੀਆਂ ਦੇ ਸਿਡਨੀ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਜਿਸ ਤਰ੍ਹਾਂ ਨਾਲ ਉਨ੍ਹਾਂ ਦੀ ਦੇਖਭਾਲ ਕੀਤੀ ਗਈ, ਉਸ ਤੋਂ ਭਾਰਤੀ ਟੀਮ ਮੈਨੇਜਮੈਂਟ ਬਹੁਤ ਖੁਸ਼ ਹੈ।


Gurdeep Singh

Content Editor

Related News