ਹੈਟਿ੍ਰਕ ਦਾ ਪੂਰਾ ਸਿਹਰਾ ਕਪਤਾਨ ਵਿਰਾਟ ਨੂੰ : ਬੁਮਰਾਹ
Sunday, Sep 01, 2019 - 10:28 PM (IST)
ਕਿੰਗਸਟਨ— ਵੈਸਟਇੰਡੀਜ਼ ਵਿਰੁੱਧ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਹੈਟ੍ਰਿਕ ਹਾਸਲ ਕਰਨ ਵਾਲੇ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਇਸ ਦਾ ਪੂਰਾ ਸਿਹਰਾ ਕਪਤਾਨ ਵਿਰਾਟ ਕੋਹਲੀ ਨੂੰ ਦਿੱਤਾ ਹੈ। ਬੁਮਰਾਹ ਨੇ ਵੈਸਟਇੰਡੀਜ਼ ਦੇ ਵਿਰੁੱਧ ਦੂਜੇ ਟੈਸਟ ਮੈਚ ’ਚ 9ਵੇਂ ਓਵਰ ’ਚ ਡੇਰੇਨ ਬ੍ਰਾਵੋ, ਸ਼ਾਮਰਹ ਬਰੂਕਸ ਤੇ ਰੋਸਟਨ ਚੇਜ ਨੂੰ ਲਗਾਤਾਰ ਗੇਂਦਾਂ ’ਤੇ ਆਊਟ ਕਰ ਆਪਣੀ ਪਹਿਲੀ ਟੈਸਟ ਹੈਟ੍ਰਿਕ ਪੂਰੀ ਕਰ ਲਈ ਤੇ ਟੈਸਟ ’ਚ ਹੈਟ੍ਰਿਕ ਬਣਾਉਣ ਵਾਲੇ ਤੀਜੇ ਭਾਰਤੀ ਗੇਂਦਬਾਜ਼ ਬਣ ਗਏ ਹਨ। ਬੁਮਰਾਹ ਨੇ ਪਹਿਲੀਆਂ 2 ਗੇਂਦਾਂ ’ਤੇ ਬ੍ਰਾਵੋ ਤੇ ਬਰੂਕਸ ਨੂੰ ਆਊਟ ਕੀਤਾ ਤੇ ਤੀਜੀ ਗੇਂਦ ’ਤੇ ਚੇਜ਼ ਨੂੰ ਐੱਲ. ਬੀ. ਡਬਲਯੂ. ਅਪੀਲ ’ਤੇ ਅੰਪਾਇਰ ਨੇ ਨਾਟ ਆਊਟ ਕਰਾਰ ਦਿੱਤਾ ਪਰ ਕਪਤਾਨ ਵਿਰਾਟ ਕੋਹਲੀ ਨੂੰ ਪੂਰਾ ਭਰੋਸਾ ਸੀ ਤੇ ਉਸ ਨੇ ਬਿਨ੍ਹਾ ਦੇਰ ਕੀਤੇ ਡੀ. ਆਰ. ਐੱਸ. ਲੈਣ ਦਾ ਫੈਸਲਾ ਕੀਤਾ। ਕੁਮੇਂਟੇਟਰਾਂ ਨੇ ਵੀ ਉਸ ਸਮੇਂ ਕਿਹਾ ਸੀ ਕਿ ਗੇਂਦ ਸੰਭਵਤ- ਬੱਲੇ ਦਾ ਅੰਦਰੂਨੀ ਕਿਨਾਰਾ ਲੱਗ ਕੇ ਪੈਡ ਨਾਲ ਟਕਰਾਈ ਹੋਵੇਗੀ। ਹਾਲਾਂਕਿ ਰੀਪਲੇ ’ਚ ਸਾਫ ਸੀ ਕਿ ਗੇਂਦ ਪਹਿਲਾਂ ਪੈਡ ਨਾਲ ਟਕਰਾਈ ਸੀ ਤੇ ਤੀਜੇ ਅੰਪਾਇਰ ਨੇ ਚੇਜ ਨੂੰ ਐੱਲ. ਬੀ. ਡਬਲਯੂ. ਆਊਟ ਕਰਾਰ ਦਿੱਤਾ ਤੇ ਵਿਰਾਟ ਦਾ ਫੈਸਲਾ ਠੀਕ ਰਿਹਾ।
