ਵਾਇਰਸ ਦੇ ਖੌਫ ਦੇ ਬਾਵਜੂਦ ਜਾਪਾਨੀਆਂ ਦੇ ਹੌਸਲੇ ਬੁਲੰਦ

03/23/2020 2:49:44 AM

ਸੇਂਡਾਈ (ਜਾਪਾਨ)— ਕੋਰੋਨਾ ਵਾਇਰਸ ਮਹਾਮਾਰੀ ਨੂੰ ਲੈ ਕੇ ਦਹਿਸ਼ਤ ਦੇ ਬਾਵਜੂਦ ਉੱਤਰ ਪੂਰਬੀ ਜਾਪਾਨ ਵਿਚ ਓਲੰਪਿਕ ਮਸ਼ਾਲ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਦਰਸ਼ਕ ਪਹੁੰਚੇ। ਓਲੰਪਿਕ ਮਸ਼ਾਲ ਸ਼ੁੱਕਰਵਾਰ ਨੂੰ ਜਾਪਾਨ ਪਹੁੰਚੀ ਸੀ ਤੇ ਉਸਦਾ ਸਾਦੇ ਸਮਾਰੋਹ ਵਿਚ ਸਵਾਗਤ ਕੀਤਾ ਸੀ। ਟੋਕੀਓ ਓਲੰਪਿਕ 2020 'ਤੇ ਵੈਸੇ ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦੇ ਖਤਰੇ ਕਾਰਣ ਖਤਰਾ ਮੰਡਰਾ ਰਿਹਾ ਹੈ ਤੇ ਇਸ ਨੂੰ ਮੁਲਤਵੀ ਕਰਨ ਦੀ ਮੰਗ ਉੱਠ ਰਹੀ ਹੈ।
ਸੇਂਡਾਈ ਦੇ ਮਿਆਗੀ ਸਟੇਡੀਅਮ ਵਿਚ ਓਲੰਪਿਕ ਮਸ਼ਾਲ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ ਤੇ ਸ਼ਨੀਵਾਰ ਨੂੰ 50 ਹਜ਼ਾਰ ਤੋਂ ਵੀ ਵੱਧ ਲੋਕ ਇਸ ਨੂੰ ਦੇਖਣ ਲਈ ਪਹੁੰਚੇ। ਸਥਾਨਕ ਮੀਡੀਆ ਅਨੁਸਾਰ ਕੁਝ ਲੋਕ 500 ਮੀਟਰ ਲੰਬੀ ਲਾਈਨ ਵਿਚ ਘੰਟਿਆਂ ਤਕ ਖੜ੍ਹੇ ਰਹੇ। ਇਨ੍ਹਾਂ ਵਿਚ ਜ਼ਿਆਦਾਤਰ ਨੇ ਮਾਸਕ ਪਹਿਨ ਰੱਖੇ ਸਨ ਤੇ ਉਨ੍ਹਾਂ ਨੇ ਅਗਨੀਕੁੰਡ ਦੇ ਨਾਲ ਆਪਣੀਆਂ ਤਸਵੀਰਾਂ ਖਿੱਚਵਾਈਆਂ। ਇਕ 70 ਸਾਲਾ ਮਹਿਲਾ ਨੇ ਸਥਾਨਕ ਪ੍ਰਸਾਰਕ ਐੱਨ. ਐੱਚ. ਕੇ. ਨੂੰ ਕਿਹਾ, ''ਮੈਂ ਓਲੰਪਿਕ ਮਸ਼ਾਲ ਦੇਖਣ ਲਈ 3 ਘੰਟਿਆਂ ਤਕ ਲਾਈਨ ਵਿਚ ਖੜ੍ਹੀ ਰਹੀ।''
ਸਪੇਨ ਐਥਲੈਟਿਕਸ ਸੰਘ ਨੇ ਵੀ ਕੀਤੀ ਓਲੰਪਿਕ ਮੁਲਤਵੀ ਕਰਨ ਦੀ ਮੰਗ
ਰਾਇਲ ਸਪੈਨਿਸ਼ ਐਥਲੈਟਿਕਸ ਸੰਘ (ਆਰ. ਈ. ਐੱਫ. ਏ.) ਨੇ ਇਸ ਸਾਲ 24 ਜੁਲਾਈ ਤੋਂ ਹੋਣ ਵਾਲੀਆਂ ਟੋਕੀਓ ਓਲੰਪਿਕ ਨੂੰ ਕੋਰੋਨਾ ਵਾਇਰਸ ਦੇ ਕਾਰਣ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਆਰ. ਈ. ਐੱਫ. ਏ. ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਬਿਆਨ ਜਾਰੀ ਕਰ ਕੇ ਕਿਹਾ ਕਿ ਅਸੀਂ ਪੂਰੀ ਤਰ੍ਹਾਂ ਓਲੰਪਿਕ ਖੇਡਾਂ ਦੇ ਆਯੋਜਨ ਦੇ ਪੱਖ ਵਿਚ ਹਾਂ ਪਰ ਅਸੀਂ ਸਮਝਦੇ ਹਾਂ ਕਿ ਮੌਜੂਦਾ ਸਥਿਤੀ ਵਿਚ ਅਜਿਹੀ ਕੋਈ ਗਾਰੰਟੀ ਨਹੀਂ ਹੈ ਕਿ ਖਿਡਾਰੀਆਂ ਦੀ ਸਿਹਤ ਨੂੰ ਬਿਨਾਂ ਕਿਸੇ ਖਤਰੇ ਵਿਚ ਪਾਏ ਓਲੰਪਿਕ ਕਰਵਾਈਆਂ ਜਾ ਸਕਣ। ਇਨ੍ਹਾਂ ਸਾਰੇ ਕਾਰਣਾਂ ਨੂੰ ਦੇਖਦੇ ਹੋਏ ਸਪੈਨਿਸ਼ ਐਥਲੈਟਿਕਸ ਸੰਘ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਤੇ ਆਯੋਜਨ ਕਮੇਟੀ ਨੂੰ 2020 ਓਲੰਪਿਕ ਨੂੰ ਮੁਲਤਵੀ ਕਰਨ ਦੀ ਬੇਨਤੀ ਕਰਦਾ ਹੈ। ਇਸ ਤੋਂ ਪਹਿਲਾਂ ਅਮਰੀਕਾ ਟ੍ਰੈਕ ਐਂਡ ਫੀਲਡ, ਬ੍ਰਾਜ਼ੀਲ ਤੇ ਨਾਰਵੇ ਦੀਆਂ ਓਲੰਪਿਕ ਕਮੇਟੀਆਂ ਨੇ ਵੀ 2020 ਟੋਕੀਓ ਓਲੰਪਿਕ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਕੋਲੰਬੀਆ ਤੇ ਸਲੋਵਨੀਆ ਅਤੇ ਕਈ ਖੇਡ ਸੰਗਠਨ ਇਨ੍ਹਾਂ ਖੇਡਾਂ ਨੂੰ ਮੁਲਤਵੀ ਕਰਨ ਦੀ ਬੇਨਤੀ ਕਰ ਚੁੱਕੇ ਹਨ।


Gurdeep Singh

Content Editor

Related News