ਕੋਰਿਕ ਨੇ ਵਾਪਸੀ ''ਤੇ ਜਿੱਤਿਆ ਆਪਣਾ ਪਹਿਲਾ ਮਾਸਟਰਜ਼ 1000 ਖਿਤਾਬ
Monday, Aug 22, 2022 - 04:04 PM (IST)
ਮੇਸਨ : ਕ੍ਰੋਏਸ਼ੀਆ ਦੇ ਬੋਰਨਾ ਕੋਰਿਕ ਨੇ ਸੱਟ ਤੋਂ ਬਾਅਦ ਯਾਦਗਾਰ ਵਾਪਸੀ ਕਰਦੇ ਹੋਏ ਸੋਮਵਾਰ ਨੂੰ ਸਿਨਸਿਨਾਟੀ ਓਪਨ ਦੇ ਫਾਈਨਲ ਵਿੱਚ ਸਟੇਫਾਨੋਸ ਸਿਟਸਿਪਾਸ ਨੂੰ ਹਰਾ ਕੇ ਆਪਣਾ ਪਹਿਲਾ ਏ. ਟੀ. ਪੀ. ਮਾਸਟਰਜ਼ 1000 ਖਿਤਾਬ ਜਿੱਤਿਆ।ਕੋਰਿਕ ਨੇ ਇੱਕ ਘੰਟਾ 57 ਮਿੰਟ ਤੱਕ ਚੱਲੇ ਫਾਈਨਲ ਵਿੱਚ ਚੌਥਾ ਦਰਜਾ ਪ੍ਰਾਪਤ ਗ੍ਰੀਸ ਦੇ ਸਿਟਸਿਪਾਸ ਨੂੰ 7-6(0), 6-2 ਨਾਲ ਹਰਾਇਆ। 2020 ਤੋਂ ਬਾਅਦ ਆਪਣਾ ਪਹਿਲਾ ਟੂਰ-ਪੱਧਰ ਦਾ ਫਾਈਨਲ ਖੇਡਦੇ ਰਹੇ ਕ੍ਰੋਏਸ਼ੀਆਈ ਖਿਡਾਰੀ ਨੇ ਖਿਤਾਬ ਤਕ ਦੇ ਸਫਰ ਵਿੱਚ ਰਾਫੇਲ ਨਡਾਲ ਨੂੰ ਹਰਾਇਆ। ਉਹ ਫਾਈਨਲ ਦੇ ਪਹਿਲੇ ਸੈੱਟ ਵਿੱਚ 1-4 ਨਾਲ ਪਿੱਛੇ ਚੱਲ ਰਹੇ ਸੀ, ਪਰ ਦਬਾਅ ਤੋਂ ਉਭਰ ਕੇ ਉਸ ਨੇ ਆਪਣੇ ਗ੍ਰੀਕ ਵਿਰੋਧੀ ਨੂੰ ਦੋ ਸੈੱਟਾਂ ਵਿੱਚ ਹਰਾਇਆ।
ਕੋਰਿਕ ਮੋਢੇ ਦੀ ਸੱਟ ਕਾਰਨ ਪਿਛਲੇ ਸੀਜ਼ਨ ਦੇ ਜ਼ਿਆਦਾਤਰ ਮੁਕਾਬਲਿਆਂ ਤੋਂ ਬਾਹਰ ਰਹੇ ਸਨ। ਜਦੋਂ ਉਹ ਸਿਨਸਿਨਾਟੀ ਓਪਨ ਵਿੱਚ ਆਏ ਸੀ ਤਾਂ ਉਹ 152ਵੇਂ ਸਥਾਨ 'ਤੇ ਸੀ, ਪਰ ਉਨ੍ਹਾਂ ਨੇ ਆਪਣੇ ਦਮਦਾਰਪ੍ਰਦਰਸ਼ਨ ਕਾਰਨ ਏਟੀਪੀ ਰੈਂਕਿੰਗ ਵਿੱਚ 29ਵੇਂ ਸਥਾਨ ਪੁੱਜ ਗਏ। ਕੋਰਿਕ ਨੇ ਜਿੱਤ ਤੋਂ ਬਾਅਦ ਕਿਹਾ, ''ਇਹ ਬਹੁਤ ਮੁਸ਼ਕਲ ਮੈਚ ਸੀ। ਮੈਂ ਸ਼ੁਰੂਆਤ 'ਚ ਚੰਗਾ ਨਹੀਂ ਖੇਡ ਰਿਹਾ ਸੀ ਅਤੇ ਉਹ ਮੇਰੇ 'ਤੇ ਦਬਾਅ ਬਣਾ ਰਹੇ ਸਨ। ਮੈਂ ਬਾਅਦ ਵਿੱਚ ਬਿਹਤਰ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਸਖ਼ਤ ਟੱਕਰ ਦਿੱਤੀ।'