ਆਰਥਿਕ ਸੰਕਟ ਨਾਲ ਜੂਝ ਰਹੇ ਅਰਜਨਟੀਨਾ ਨੂੰ ਕੋਪਾ ਅਮਰੀਕਾ ਨੇ ਦਿੱਤਾ ਜਸ਼ਨ ਮਨਾਉਣ ਦਾ ਮੌਕਾ
Monday, Jul 15, 2024 - 07:07 PM (IST)
ਬਿਊਨਸ ਆਇਰਸ, (ਭਾਸ਼ਾ)– ਆਰਥਿਕ ਸੰਕਟ ਨਾਲ ਜੂਝ ਰਹੇ ਅਰਜਨਟੀਨਾ ਦੇ ਫੁੱਟਬਾਲ ਪ੍ਰੇਮੀ ਪਿਛਲੇ 24 ਦਿਨਾਂ ਵਿਚ ਆਪਣਾ ਹਰ ਦੁੱਖ-ਦਰਦ ਭੁੱਲ ਗਏ ਤੇ ਲਿਓਨਿਲ ਮੇਸੀ ਦੀ ਅਗਵਾਈ ਵਾਲੀ ਟੀਮ ਨੂੰ ਕੋਪਾ ਅਮਰੀਕਾ ਖਿਤਾਬ ਜਿੱਤਦੇ ਦੇਖ ਕੇ ਕੁਝ ਪਲ ਲਈ ਹੀ ਸਹੀ, ਉਨ੍ਹਾਂ ਨੂੰ ਜਸ਼ਨ ਮਨਾਉਣ ਦਾ ਮੌਕਾ ਮਿਲਿਆ।
8 ਦਸੰਬਰ 2022 ਨੂੰ ਅਰਜਨਟੀਨਾ ਨੇ ਵਿਸ਼ਵ ਕੱਪ ਜਿੱਤਣ ਦੇ ਜਸ਼ਨ ਦੇ ਗਵਾਹ ਰਹੇ ਡਿਆਗੋ ਸਾਸੇਰੇਸ ਨੇ ਕਿਹਾ, ‘‘ਸ਼ਾਨਦਾਰ। ਇਹ ਜਿੱਤ ਵੀ ਖੂਬਸੂਰਤ ਹੈ।’’ ਕੋਲੰਬੀਆ ’ਤੇ ਅਮਰੀਕਾ ਵਿਚ ਜਿੱਤ ਦੇ ਨਾਲ ਹੀ ਅਰਜਨਟੀਨਾ ਵਿਚ ਜਿੱਤ ਦਾ ਜਸ਼ਨ ਤੇ ਆਤਿਸ਼ਬਾਜ਼ੀ ਦਾ ਸਿਲਸਿਲਾ ਸ਼ੁਰੂ ਹੋ ਗਿਆ। ਅਰਜਨਟੀਨਾ ਵੈਸੇ ਤਾਂ ਸਾਲਾਂ ਤੋਂ ਆਰਥਿਕ ਸੰਕਟ ਨਾਲ ਜੂਝਦਾ ਆਇਆ ਹੈ ਪਰ ਅੱਜ ਸਾਲਾਨਾ ਮੁਦਰਾਸਫੀਤੀ ਦੀ ਦਰ 270 ਫੀਸਦੀ ਰਹੀ ਤੇ ਦੇਸ਼ ਦੀ ਸਾਢੇ 4 ਕਰੋੜ ਆਬਾਦੀ ਵਿਚੋਂ 60 ਫੀਸਦੀ ਗਰੀਬੀ ਵਿਚ ਜੀ ਰਹੀ ਹੈ। ਅਰਜਨਟੀਨਾ ਦੇ ਲੋਕ ਸਰਕਾਰ ਵਿਰੋਧੀ ਪ੍ਰਦਰਸ਼ਨ, ਮਜ਼ਦੂਰਾਂ ਦੀ ਹੜਤਾਲ, ਡਾਲਰ ਦੇ ਮੁਕਾਬਲੇ ਪੇਸੋ (ਅਰਜਨਟੀਨਾ ਦੀ ਕਰੰਸੀ) ਦੇ ਲਗਾਤਾਰ ਡਿੱਗਣ ਤੋਂ ਪਹਿਲਾਂ ਹੀ ਪ੍ਰੇਸ਼ਾਨ ਹੈ ਪਰ ਇਸ ਜਿੱਤ ਨੇ ਕੁਝ ਸਮੇਂ ਲਈ ਹੀ ਸਹੀ,ਉਨ੍ਹਾਂ ਦੇ ਚਿਹਰਿਆਂ ’ਤੇ ਮੁਸਕਾਨ ਲਿਆ ਦਿੱਤੀ।
ਪਿਛਲੇ ਵਾਰ ਸਾਸੇਰੇਸ ਨੇ ਜਦੋਂ ਟੀਮ ਦੀ ਜਿੱਤ ਦਾ ਜਸ਼ਨ ਮਨਾਇਆ ਸੀ, ਜਦੋਂ ਉਹ ਰੈਸਟੋਰਾਂਟ ਵਿਚ ਰੋਸਈਏ ਵਜੋਂ ਕੰਮ ਕਰਦਾ ਸੀ ਤੇ ਉਸਦੇ ਕੋਲ ਕਿਰਾਏ ਦਾ ਘਰ ਸੀ ਪਰ ਹੁਣ ਉਹ ਬੇਰੋਜ਼ਗਾਰ ਹੈ ਤੇ ਸੜਕਾਂ ’ਤੇ ਜ਼ਿੰਦਗੀ ਜੀਅ ਰਿਹਾ ਹੈ। ਉਸ ਨੇ ਕਿਹਾ, ‘‘ਸਭ ਕੁਝ ਭਿਆਨਕ ਹੈ। ਮਹਿੰਗਾਈ ਕਾਫੀ ਵੱਧ ਗਈ ਹੈ।’’ ਇਨ੍ਹਾਂ ਹਾਲਾਤ ਵਿਚ ਇਸ ਜਿੱਤ ਦੇ ਮਾਇਨੇ ਉਨ੍ਹਾਂ ਲਈ ਹੋਰ ਵੱਧ ਗਏ ਹਨ। 6 ਬੱਚਿਆਂ ਦੀ ਮਾਂ ਐਰਿਕਾ ਮਾਯਾ ਬੇਘਰ ਹੈ ਪਰ ਜਿੱਤ ਤੋਂ ਖੁਸ਼ ਹੈ। ਉਸ ਨੇ ਕਿਹਾ,‘‘ਇਹ ਸਾਡਾ ਸਰਵਸ੍ਰੇਸ਼ਠ ਮਨੋਰੰਜਨ ਹੈ। ਅਸੀਂ ਇਸ ਖੁਸ਼ੀ ਵਿਚ ਹਰ ਦੁੱਖ-ਦਰਦ ਭੁੱਲ ਜਾਂਦੇ ਹਾਂ।’’
ਮਿਆਮੀ ਦੇ ਹਾਰਡ ਰਾਕ ਸਟੇਡੀਅਮ ਵਿਚ ਫਾਈਨਲ ਮੈਚ ਸ਼ੁਰੂ ਹੁੰਦੇ ਹੀ ਬਿਊਨਸ ਆਇਰਸ ਦੇ ਰੈਸਟੋਰੈਂਟ ਬੰਦ ਹੋ ਗਏ, ਸੜਕਾਂ ਖਾਲੀ ਹੋ ਗਈਆਂ ਤੇ ਚਾਰੇ ਪਾਸੇ ਸੰਨਾਟਾ ਛਾ ਗਿਆ। ਕੋਰੋਨਾ ਲਾਕਡਾਊਨ ਕਾਰਨ ਅਰਨਜਟੀਨਾ ਵਿਚ ਜ਼ਿਆਦਾਤਰ ਲੋਕਾਂ ਨੇ ਘਰਾਂ ਵਿਚ ਹੀ ਮੈਚ ਦੇਖਿਆ। 37 ਸਾਲਾ ਮੈਸੀ ਦੇ ਸੰਨਿਆਸ ਦੀਆਂ ਅਟਕਲਾਂ ਨੇ ਵੀ ਉਨ੍ਹਾਂ ਦੀ ਦਿਲਚਸਪੀ ਫੁੱਟਬਾਲ ਵਿਚ ਵਧਾ ਦਿੱਤੀ ਹੈ। ਆਪਣੀ ਪਤਨੀ ਤੇ ਬੇਟੇ ਦੇ ਨਾਲ ਮੈਚ ਦੇਖਣ ਵਾਲੇ ਐਡ੍ਰੀਅਨ ਵਾਲੇਜੋਸ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਉਹ ਅੱਗੇ ਖੇਡੇਗਾ। ਪਤਾ ਨਹੀਂ ਅਗਲਾ ਵਿਸ਼ਵ ਕੱਪ ਖੇਡੇਗਾ ਜਾਂ ਨਹੀਂ ਪਰ ਮੈਂ ਦੁਆ ਕਰਦਾ ਹਾਂ ਕਿ ਉਹ ਖੇਡੇ।’’