ਓਲੰਪਿਕ ’ਚ ਤਮਗੇ ਦਾ ਰੰਗ ਬਦਲਣ ਦਾ ਭਰੋਸਾ : ਭਾਰਤੀ ਹਾਕੀ ਫਾਰਵਰਡ ਲਲਿਤ ਉਪਾਧਿਆਏ
Tuesday, Jul 16, 2024 - 08:03 PM (IST)
ਬੈਂਗਲੁਰੂ, (ਭਾਸ਼ਾ)–ਭਾਰਤੀ ਹਾਕੀ ਟੀਮ ਨੂੰ ਪੈਰਿਸ ਓਲੰਪਿਕ ਵਿਚ ਪੂਲ ਗੇੜ ਵਿਚ ਹੀ ਆਸਟ੍ਰੇਲੀਆ, ਬੈਲਜੀਅਮ ਤੇ ਅਰਜਨਟੀਨਾ ਵਰਗੇ ਧਾਕੜਾਂ ਦਾ ਸਾਹਮਣਾ ਕਰਨਾ ਹੈ ਪਰ ਤਜਰਬੇਕਾਰ ਫਾਰਵਰਡ ਲਲਿਤ ਉਪਾਧਿਆਏ ਨੂੰ ਭਰੋਸਾ ਹੈ ਕਿ ਬਿਹਤਰੀਨ ਤਿਆਰੀਆਂ ਤੇ ਕਾਸ਼ੀ ਵਿਸ਼ਵਨਾਥ ਦੇ ਆਸ਼ੀਰਵਾਦ ਨਾਲ ਟੀਮ ਤਮਗੇ ਦਾ ਰੰਗ ਬਦਲ ਕੇ ਪਰਤੇਗੀ। ਟੋਕੀਓ ਓਲੰਪਿਕ ਵਿਚ 41 ਸਾਲ ਬਾਅਦ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਰਹੇ ਲਲਿਤ ਨੇ ਰਵਾਨਗੀ ਤੋਂ ਪਹਿਲਾਂ ਇੱਥੇ ਕਿਹਾ, ‘‘ਓਲੰਪਿਕ ਵਿਚ ਪੂਲ ’ਤੇ ਧਿਆਨ ਦੇਣਾ ਬੇਇਮਾਨੀ ਹੈ ਕਿਉਂਕਿ ਸਾਰੀਆਂ ਟੀਮਾਂ ਪੂਰੀ ਤਿਆਰੀ ਨਾਲ ਆਪਣਾ ਸਰਵਸ੍ਰੇਸ਼ਠ ਦੇਣ ਦੀ ਕੋਸ਼ਿਸ਼ ਕਰਨਗੀਆਂ।’’
ਭਾਰਤੀ ਟੀਮ ਪੈਰਿਸ ਓਲੰਪਿਕ ਤੋਂ ਪਹਿਲਾਂ ਮਾਨਸਿਕ ਦ੍ਰਿੜ੍ਹਤਾ ਲਈ ਸਵਿਟਜ਼ਰਲੈਂਡ ਦੇ ਮਾਈਕ ਹੋਰਨਸ ਬੇਸ ਵਿਚ 3 ਦਿਨਾ ਕੈਂਪ ਤੋਂ ਬਾਅਦ ਹੁਣ ਨੀਦਰਲੈਂਡ ਵਿਚ ਅਭਿਆਸ ਮੈਚ ਖੇਡੇਗੀ। ਭਾਰਤ ਨੂੰ ਪੈਰਿਸ ਓਲੰਪਿਕ ਵਿਚ ਪੂਲ-ਬੀ ਦੇ ਪਹਿਲੇ ਮੈਚ ਵਿਚ 27 ਜੁਲਾਈ ਨੂੰ ਨਿਊਜ਼ੀਲੈਂਡ ਨਾਲ, 29 ਜੁਲਾਈ ਨੂੰ ਰੀਓ ਓਲੰਪਿਕ ਚੈਂਪੀਅਨ ਅਰਜਨਟੀਨਾ ਨਾਲ, 30 ਜੁਲਾਈ ਨੂੰ ਆਇਰਲੈਂਡ ਨਾਲ, 1 ਅਗਸਤ ਨੂੰ ਟੋਕੀਓ ਓਲੰਪਿਕ ਚੈਂਪੀਅਨ ਬੈਲਜੀਅਮ ਤੇ 2 ਅਗਸਤ ਨੂੰ ਸਾਬਕਾ ਚੈਂਪੀਅਨ ਆਸਟ੍ਰੇਲੀਆ ਨਾਲ ਖੇਡਣਾ ਹੈ।ਭਾਰਤ ਲਈ 168 ਮੈਚਾਂ ਵਿਚ 45 ਗੋਲ ਕਰ ਚੁੱਕੇ 30 ਸਾਲਾ ਇਸ ਫਾਰਵਰਡ ਨੇ ਕਿਹਾ,‘‘ਸਾਨੂੰ ਪਤਾ ਹੈ ਕਿ ਉਮੀਦਾਂ ਵਧੀਆਂ ਹੋਈਆਂ ਹਨ ਕਿਉਂਕਿ ਲੰਬੇ ਸਮੇਂ ਬਾਅਦ ਅਸੀਂ ਓਲੰਪਿਕ ਤਮਗਾ ਜਿੱਤਿਆ ਸੀ। ਸਾਨੂੰ ਵੀ ਖੁਦ ਤੋਂ ਪੂਰੀ ਉਮੀਦ ਹੈ ਕਿ ਅਸੀਂ ਤਮਗੇ ਦਾ ਰੰਗ ਬਦਲਾਂਗੇ।’’
ਇਸ ਭਾਰਤੀ ਖਿਡਾਰੀ ਨੇ ਕਿਹਾ,‘‘ਅਸੀਂ ਪਿਛਲੇ 4 ਸਾਲ ਵਿਚ ਫਿਟਨੈੱਸ ’ਤੇ ਵੀ ਕਾਫੀ ਮਿਹਨਤ ਕੀਤੀ ਹੈ ਜਿਹੜੀ ਮੈਦਾਨ ’ਤੇ ਨਜ਼ਰ ਆ ਰਹੀ ਹੈ। ਫਿਟਨੈੱਸ ਵਿਚ ਅਸੀਂ ਦੁਨੀਆ ਦੀਆਂ ਚੋਟੀ ਦੀਆਂ ਟੀਮਾਂ ਦੇ ਬਰਾਬਰ ਹਾਂ। ਨੌਜਵਾਨ ਖਿਡਾਰੀਆਂ ਦੇ ਨਾਲ ਸੀਨੀਅਰਾਂ ਦੀ ਫਿਟਨੈੱਸ ਦਾ ਪੱਧਰ ਵੀ ਜ਼ਬਰਦਸਤ ਹੈ।’’ ਟੋਕੀਓ ਓਲੰਪਿਕ ਵਿਚ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦੇ 11 ਖਿਡਾਰੀ ਪੈਰਿਸ ਵਿਚ ਵੀ ਖੇਡਣਗੇ ਜਦਕਿ 5 ਖਿਡਾਰੀਆਂ ਦਾ ਪਹਿਲਾ ਓਲੰਪਿਕ ਹੈ।