ਇੰਗਲੈਂਡ ਵਿਚ 75 ਦਿਨ ਬੰਦ ਰਹਿਣ ਤੋਂ ਬਾਅਦ ਮੁਕਾਬਲੇਬਾਜ਼ੀ ਖੇਡ ਫਿਰ ਸ਼ੁਰੂ
Monday, Jun 01, 2020 - 06:55 PM (IST)

ਲੰਡਨ– ਮੱਧ ਬਰਮਿੰਘਮ ਦੇ ਲਗਭਗ ਖਾਲੀ ਸਟੇਡੀਅਮ ਵਿਚ ਸਵੇਰ ਦੇ ਸਮੇਂ ਗ੍ਰੇਹਾਓਂਡ ਰੇਸ (ਕੁੱਤਿਆਂ ਦੀ ਦੌੜ) ’ਤੇ ਆਮ ਤੌਰ ’ਤੇ ਵੱਧ ਲੋਕਾਂ ਦਾ ਧਿਆਨ ਨਹੀਂ ਜਾਂਦਾ ਪਰ ਇੰਗਲੈਂਡ ਦੇ ਦਰਸ਼ਕਾਂ ਲਈ ਇਹ ਬਹੁਚਰਚਿਤ ਪਲ ਸੀ ਕਿਉਂਕਿ ਇਸਦੇ ਨਾਲ ਇੰਗਲੈਂਡ ਵਿਚ 75 ਦਿਨਾਂ ਬਾਅਦ ਮੁਕਾਬਲੇਬਾਜ਼ੀ ਖੇਡ ਸ਼ੁਰੂ ਹੋ ਗਈ। ਸੋਮਵਾਰ ਨੂੰ ਪੈਰੀ ਬਾਰ ’ਤੇ ਸਵੇਰੇ 10:21 ਮਿੰਟ ’ਤੇ ਜਿਵੇਂ 6 ਕੁੱਤੇ ਰੇਸ ਲਈ ਦੌੜੇ ਤਾਂ ਇੰਗਲੈਂਡ ਵਿਚ ਮੁਕਾਬਲੇਬਾਜ਼ੀ ਖੇਡਾਂ ਦੀ ਵਾਪਸੀ ਹੋਈ, ਜਿਹੜੇ ਕੋਰੋਨਾ ਵਾਇਰਸ ਦੇ ਕਾਰਣ 75 ਦਿਨਾਂ ਤੋਂ ਬੰਦ ਸਨ। ਇਸ ਰੇਸ ਵਿਚ ਆਈ. ਐੱਮ. ਸੋਫੀ ਨਾਂ ਦੇ ਕੁੱਤੇ ਨੇ ਜਿੱਤ ਦਰਜ ਕੀਤੀ। ਗ੍ਰੇਹਾਓਂਡ ਰੇਸ ਸੋਮਵਾਰ ਨੂੰ ਸ਼ੁਰੂ ਹੋਣ ਵਾਲੀਆਂ ਤਿੰਨ ਖੇਡਾਂ ਵਿਚੋਂ ਇਕ ਰਹੀ।
ਇਸ ਦੇ ਇਲਾਵਾ ਘੋੜਿਆਂ ਦੀ ਦੌੜ ਤੇ ਸਨੂਕਰ ਪ੍ਰਤੀਯੋਗਿਤਾਵਾਂ ਵੀ ਸੋਮਵਾਰ ਨੂੰ ਸਟੇਡੀਅਮ ਵਿਚ ਦਰਸ਼ਕਾਂ ਦੀ ਗੈਰ-ਮੌਜੂਦਗੀ ਵਿਚ ਦੁਬਾਰਾ ਸ਼ੁਰੂ ਹੋਈਆਂ। ਨਾਲ ਹੀ ਇਹ ਸ਼ਰਤ ਰੱਖੀ ਗਈ ਕਿ ਮੁਕਾਬਲੇਬਾਜ਼ ਤੇ ਅਧਿਕਾਰੀ ਸਰਕਾਰ ਵਲੋਂ ਮਨਜ਼ੂਰ ਕੋਰੋਨਾ ਵਾਇਰਸ ਨਿਯਮਾਂ ਦੀ ਪਾਲਣਾ ਕਰਨਗੇ। ਨਿਊਕਾਸਲ ਦੇ ਗੋਸਫੋਰਥ ਪਾਰਕ ਵਿਚ ਹੋਣਵਾਲੀ ਘੋੜਿਆਂ ਦੀ ਦੌੜ ਦੌਰਾਨ ਜਾਕੀਆਂ ਨੂੰ ਮਾਸਕ ਪਹਿਨਣੇ ਹੋਣਗੇ ਤੇ ਕੋਰਸ ’ਤੇ ਸੀਮਤ ਲੋਕਾਂ ਨੂੰ ਆਉਣ ਦੀ ਮਨਜ਼ੂਰੀ ਹੋਵੇਗੀ। ਘੋੜਿਆਂ ਦੀ ਦੌੜ ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਕਾਰਣ ਬੰਦ ਹੋਣ ਵਾਲੀ ਆਖਰੀ ਖੇਡ ਸੀ, ਜਿਸ ਨੂੰ 17 ਮਾਰਚ ਨੂੰ ਰੋਕਿਆ ਗਿਆ ਸੀ। ਸਨੂਕਰ ਦੀ ਚੈਂਪੀਅਨਸ਼ਿਪ ਲੀਗ ਵੀ ਦੁਪਹਿਰ 3 ਵਜੇ ਮਿਲਟਨ ਕੇਨੇਸ ਵਿਚ ਸ਼ੁਰੂ ਹੋਈ।