ਰਾਸ਼ਟਰਮੰਡਲ ਖੇਡਾਂ 2026 ਦੇ ਆਯੋਜਨ ਸਥਲ ਦਾ ਐਲਾਨ, ਇਹ ਦੇਸ਼ ਕਰੇਗਾ ਮੇਜ਼ਬਾਨੀ

Wednesday, Apr 13, 2022 - 05:37 PM (IST)

ਰਾਸ਼ਟਰਮੰਡਲ ਖੇਡਾਂ 2026 ਦੇ ਆਯੋਜਨ ਸਥਲ ਦਾ ਐਲਾਨ, ਇਹ ਦੇਸ਼ ਕਰੇਗਾ ਮੇਜ਼ਬਾਨੀ

ਸਪੋਰਟਸ ਡੈਸਕ- ਆਸਟ੍ਰੇਲੀਆ ਦਾ ਵਿਕਟੋਰੀਆ ਸੂਬਾ ਵੱਖ-ਵੱਖ ਸ਼ਹਿਰਾਂ ਵਿਚ 2026 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰੇਗਾ। ਖੇਡਾਂ ਮਾਰਚ 2026 ਵਿਚ ਵੱਖ-ਵੱਖ ਸ਼ਹਿਰਾਂ ਤੇ ਖੇਤਰੀ ਕੇਂਦਰਾਂ ਵਿਚ ਕਰਵਾਈਆਂ ਜਾਣਗੀਆਂ ਜਿਸ ਵਿਚ ਮੈਲਬੌਰਨ, ਜੀਲੋਂਗ, ਬੇਂਡਿਗੋ, ਬੇਲਾਰਟ ਤੇ ਜਿਪਸਲੈਂਡ ਸ਼ਾਮਲ ਹਨ। ਇਨ੍ਹਾਂ ਸਾਰੇ ਸ਼ਹਿਰਾਂ ਵਿਚ ਵੱਖ ਖੇਡ ਪਿੰਡ ਹੋਣਗੇ। ਉਦਘਾਟਨੀ ਸਮਾਗਮ ਇਕ ਲੱਖ ਦੀ ਸਮਰੱਥਾ ਵਾਲੇ ਮੈਲਬੌਰਨ ਕ੍ਰਿਕਟ ਗਰਾਊਂਡ (ਐੱਮਸੀਜੀ) 'ਤੇ ਹੋਵੇਗਾ। 

ਇਹ ਵੀ ਪੜ੍ਹੋ : IPL 2022 : ਜਾਣੋ ਕੌਣ ਹਨ ਡੈਬਿਊ ਮੈਚ 'ਚ ਧਮਾਲ ਮਚਾਉਣ ਵਾਲੇ RCB ਦੇ ਸੁਯਸ਼ ਪ੍ਰਭੂਦੇਸਾਈ

ਰਾਸ਼ਟਰਮੰਡਲ ਖੇਡ ਮਹਾਸੰਘ (ਸੀ. ਜੀ. ਐੱਫ.) ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ। ਇਸ ਐਲਾਨ ਤੋਂ ਬਾਅਦ ਸੀਜੀਐੱਫ, ਰਾਸ਼ਟਰਮੰਡਲ ਖੇਡ ਆਸਟ੍ਰੇਲੀਆ ਤੇ ਵਿਕਟੋਰੀਆ ਵਿਚਾਲੇ ਵਿਸਥਾਰਤ ਗੱਲਬਾਤ ਦਾ ਦੌਰ ਚੱਲੇਗਾ। ਸ਼ੁਰੂਆਤ ਵਿਚ ਟੀ-20 ਕ੍ਰਿਕਟ ਸਮੇਤ 16 ਖੇਡਾਂ ਨੂੰ ਇਨ੍ਹਾਂ ਖੇਡਾਂ ਲਈ ਚੁਣਿਆ ਗਿਆ ਹੈ ਤੇ ਇਸੇ ਸਾਲ ਹੋਰ ਖੇਡਾਂ ਨੂੰ ਵੀ ਇਸ ਸੂਚੀ ਵਿਚ ਜੋੜਿਆ ਜਾਵੇਗਾ। ਸ਼ੁਰੂਆਤੀ ਸੂਚੀ ਵਿਚ ਹਾਲਾਂਕਿ ਨਿਸ਼ਾਨੇਬਾਜ਼ੀ ਤੇ ਕੁਸ਼ਤੀ ਵਰਗੀਆਂ ਖੇਡਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਹੀ ਖੇਡਾਂ ਵਿਚ ਭਾਰਤ ਨੇ ਪਿਛਲੇ ਕੁਝ ਸੈਸ਼ਨਾਂ ਵਿਚ ਕਾਫੀ ਮੈਡਲ ਜਿੱਤੇ ਹਨ। ਤੀਰਅੰਦਾਜ਼ੀ ਨੂੰ ਵੀ ਇਸ ਸੂਚੀ ਵਿਚ ਥਾਂ ਨਹੀਂ ਮਿਲੀ ਹੈ।

ਆਸਟ੍ਰੇਲੀਆ ਪੰਜ ਵਾਰ ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਕਰ ਚੁੱਕਾ ਹੈ। ਵਿਕਟੋਰੀਆ ਦੇ ਮੈਲਬੌਰਨ ਨੂੰ 2006 ਖੇਡਾਂ ਨੂੰ ਕਰਵਾਉਣ ਦਾ ਮੌਕਾ ਮਿਲਿਆ ਸੀ। ਮੈਲਬੋਰਨ ਤੋਂ ਇਲਾਵਾ 1938 ਵਿਚ ਸਿਡਨੀ, 1962 ਵਿਚ ਪਰਥ, 1982 ਵਿਚ ਬਿ੍ਸਬੇਨ ਤੇ 2018 ਵਿਚ ਗੋਲਡ ਕੋਸਟ ਨੇ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕੀਤੀ। ਵਿਕਟੋਰੀਆ ਨੇ 2004 ਵਿਚ ਬੇਂਡਿਗੋ ਵਿਚ ਰਾਸ਼ਟਰਮੰਡਲ ਯੁਵਾ ਖੇਡਾਂ ਵੀ ਕਰਵਾਈਆਂ ਸਨ।

ਇਹ ਵੀ ਪੜ੍ਹੋ : ਗ਼ਰੀਬੀ ਝੱਲੀ ਪਰ ਜਜ਼ਬੇ ਨੂੰ ਸਲਾਮ, ਹਾਕੀ 'ਚ ਸਖ਼ਤ ਮਿਹਨਤ ਦੇ ਦਮ 'ਤੇ ਪ੍ਰੀਤੀ ਵਧਾ ਰਹੀ ਹੈ ਦੇਸ਼ ਦਾ ਮਾਣ

ਪਹਿਲੀ ਵਾਰ 1930 'ਚ ਕੈਨੇਡਾ ਵਿਖੇ ਹੋਏ ਸਨ ਇਹ ਮੁਕਾਬਲੇ
ਆਸਟ੍ਰੇਲੀਆ ਵਿਚ 2026 ਵਿਚ ਹੋਣ ਵਾਲੀਆਂ ਖੇਡਾਂ ਇਸ ਮਲਟੀ ਸਪੋਰਟਸ ਚੈਂਪੀਅਨਸ਼ਿਪ ਦਾ 23ਵਾਂ ਸੈਸ਼ਨ ਹੋਵੇਗਾ। ਪਹਿਲੀਆਂ ਖੇਡਾਂ 1930 ਵਿਚ ਕੈਨੇਡਾ ਦੇ ਹੈਮਿਲਟਨ ਵਿਚ ਕਰਵਾਈਆਂ ਗਈਆਂ ਸਨ। ਵਿਕਟੋਰੀਆ ਕੋਲ ਕਈ ਵੱਡੀਆਂ ਵਿਸ਼ਵ ਪੱਧਰੀ ਖੇਡ ਚੈਂਪੀਅਨਸ਼ਿਪਾਂ ਦੀ ਮੇਜ਼ਬਾਨੀ ਦਾ ਤਜਰਬਾ ਹੈ ਜਿਸ ਵਿਚ ਆਸਟ੍ਰੇਲੀਅਨ ਓਪਨ ਟੈਨਿਸ ਗਰੈਂਡ ਸਲੈਮ, ਮੈਲਬੌਰਨ ਫਾਰਮੂਲਾ ਵਨ ਗ੍ਰਾਂ. ਪ੍ਰੀ. ਤੇ ਮੈਲਬੌਰਨ ਕੱਪ ਸ਼ਾਮਲ ਹਨ। ਸੂਬਾ ਰੈਗੂਲਰ ਤੌਰ 'ਤੇ ਕ੍ਰਿਕਟ, ਗੋਲਫ ਤੇ ਆਸਟ੍ਰੇਲੀਆ ਰੂਲਜ਼ ਫੁੱਟਬਾਲ ਦੀਆਂ ਏਲੀਟ ਚੈਂਪੀਅਨਸ਼ਿਪਾਂ ਦੀ ਮੇਜ਼ਬਾਨੀ ਕਰਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News