ਪਾਕਿਸਤਾਨੀ ਕ੍ਰਿਕਟਰਾਂ 'ਤੇ ਭੜਕੇ ਕੁਮੈਂਟੇਟਰ ਆਕਾਸ਼ ਚੋਪੜਾ, ਬੋਲੇ- 'ਕੁਝ ਤਾਂ ਸ਼ਰਮ ਕਰੋ'
Saturday, Jun 06, 2020 - 11:37 AM (IST)
ਸਪੋਰਟਸ ਡੈਸਕ : ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਅਤੇ ਮਸ਼ਹੂਰ ਕੁਮੈਂਟੇਟਰ ਆਕਾਸ਼ ਚੋਪੜਾ ਨੇ ਪਾਕਿਸਤਾਨ ਖਿਡਾਰੀਆਂ ਨੂੰ ਰੱਜ ਕੇ ਫਿਟਕਾਰ ਲਾਈ ਹੈ। ਦਰਅਸਲ, ਇੰਗਲੈਂਡ ਦੇ ਸਟਾਰ ਆਲਰਾਊਂਡਰ ਬੈਨ ਸਟੋਕਸ ਨੇ ਆਪਣੀ ਕਿਤਾਬ ਵਿਚ ਭਾਰਤੀ ਟੀਮ ਨੂੰ ਲੈ ਕੇ ਗੱਲ ਕਹੀ ਹੈ। ਜਿਸ ਤੋਂ ਬਾਅਦ ਕ੍ਰਿਕਟ ਜਗਤ ਵਿਚ ਵਿਵਾਦ ਪੈਦਾ ਹੋ ਗਿਆ ਹੈ।
ਇਕ ਕ੍ਰਿਕਟ ਚੈਨਲ 'ਤੇ ਗੱਲਬਾਤ ਦੌਰਾਨ ਆਕਾਸ਼ ਚੋਪੜਾ ਨੇ ਕਿਹਾ ਕਿ ਮੈਂ ਇਕ ਟੀ-ਸ਼ਰਟ ਪਹਿਨੀ ਹੈ। ਇਸ 'ਤੇ ਲਿਖਿਆ ਹੋਇਆ ਹੈ 'ਸ਼ਰਮ ਨਾਟ ਫਾਊਂਡ'। ਇਹ ਮੈਂ ਇਸ ਲਈ ਪਹਿਨੀ ਹੈ ਕਿ ਥੋੜਾ ਸੋਚ ਲਵੋ ਯਾਰ, ਥੋੜੀ ਸ਼ਰਮ ਕਰ ਲਵੋ। ਵਕਾਰ ਯੂਨਿਸ ਨੇ ਆਈ. ਸੀ. ਸੀ. ਦੇ ਬ੍ਰਾਂਡ ਅੰਬੈਸਟਡਰ ਹੋਣ ਦੇ ਬਾਵਜੂਦ ਵਿਸ਼ਵ ਕੱਪ ਦੌਰਾਨ ਬਿਆਨ ਦਿੱਤਾ ਸੀ ਕਿ ਭਾਰਤ ਨੇ ਮੈਚ ਸੁੱਟ ਦਿੱਤਾ ਪਰ ਪਾਕਿਸਤਾਨ ਨੇ ਕਾਫੀ ਕ੍ਰਿਕਟਰਸ, ਸਾਬਕਾ ਕ੍ਰਿਕਟਰਸ ਤੇ ਮਾਹਰਾਂ ਨੇ ਦਿਲ ਖੋਲ੍ਹ ਕੇ ਕਹਿ ਦਿੱਤਾ ਕਿ ਜਾਣਬੁੱਝ ਕੇ ਕੀਤਾ। ਆਈ. ਸੀ. ਸੀ. ਨੂੰ ਭਾਰਤ 'ਤੇ ਜੁਰਮਾਨਾ ਲਾਉਣਾ ਚਾਹੀਦਾ ਹੈ। ਜਾਣਬੁੱਝ ਕੇ ਮੈਚ ਹਾਰਨਾ ਬਿਲਕੁਲ ਗਲਤ ਹੈ। ਤੁਸੀਂ ਅਜਿਹਾ ਕਿਵੇਂ ਸੋਚ ਸਕਦੇ ਹੋ। ਭਾਰਤ ਲਈ ਉਸ ਸਮੇਂ ਗਰੁੱਪ ਵਿਚ ਚੋਟੀ ਸਥਾਨ ਹਾਸਲ ਕਰਨਾ ਜ਼ਰੂਰੀ ਸੀ। ਭਾਰਤ ਗਰੁੱਪ ਸਟੇਜ ਵਿਚ ਸਿਰਫ ਇਕ ਮੈਚ ਹਾਰਿਆ ਸੀ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਨਿਊਜ਼ ਚੈਨਲ 'ਤੇ ਸਾਬਕਾ ਆਲਰਾਊਂਡਰ ਅਬਦੁਲ ਰਜ਼ਾਕ ਨੇ ਚਰਚਾ ਦੌਰਾਨ ਇਹ ਦਾਅਵਾ ਕੀਤਾ ਕਿ ਭਾਰਤ ਜਾਣਬੁੱਝ ਕੇ ਇੰਗਲੈਂਡ ਤੋਂ ਹਾਰਿਆ ਸੀ ਤਾਂ ਜੋ ਪਾਕਿਸਤਾਨ ਅੱਗੇ ਨਾ ਜਾ ਸਕੇ। ਰਜ਼ਾਕ ਨੇ ਕਿਹਾ ਕਿ ਇਸ ਵਿਚ ਕੋਈ ਸ਼ੱਕ ਨਹੀਂ ਅਸੀਂ ਉਸ ਸਮੇਂ ਇਹ ਬੋਲਿਆ ਸੀ ਕਿ ਇਕ ਆਦਮੀ ਛੱਕਾ ਮਾਰ ਸਕਦਾ ਹੈ, ਚੌਕਾ ਮਾਰ ਸਕਦਾ ਹੈ ਪਰ ਫਿਰ ਵੀ ਗੇਂਦਾਂ ਨੂੰ ਰੋਕ ਰਿਹਾ ਹੈ। ਫਿਰ ਪਤਾ ਤਾਂ ਚਲ ਜਾਂਦਾ ਹੈ ਨਾ।