ਕੋਏਤਜੀ, ਐਡਵਰਡਸ ਅਤੇ ਸੁਫੀਆਨ ਨੂੰ ਆਈ. ਸੀ. ਸੀ. ਜ਼ਾਬਤੇ ਦੀ ਉਲੰਘਣਾ ’ਤੇ ਪਈ ਝਾੜ

Thursday, Nov 21, 2024 - 12:42 PM (IST)

ਕੋਏਤਜੀ, ਐਡਵਰਡਸ ਅਤੇ ਸੁਫੀਆਨ ਨੂੰ ਆਈ. ਸੀ. ਸੀ. ਜ਼ਾਬਤੇ ਦੀ ਉਲੰਘਣਾ ’ਤੇ ਪਈ ਝਾੜ

ਦੁਬਈ– ਨੀਦਰਲੈਂਡ ਦੇ ਕਪਤਾਨ ਸਕਾਟ ਐਡਵਰਡਸ, ਓਮਾਨ ਦੇ ਗੇਂਦਬਾਜ਼ ਸੁਫੀਆਨ ਮਹਿਮੂਦ ਅਤੇ ਦੱਖਣੀ ਅਫਰੀਕਾ ਦੇ ਗੇਂਦਬਾਜ਼ ਗੇਰਾਲਡ ਕੋਏਤਜੀ ਨੂੰ ਹਫਤੇ ਦੇ ਅੰਤ ’ਚ ਆਪਣੇ ਮੈਚਾਂ ’ਚ ਆਈ. ਸੀ. ਸੀ. ਆਦਰਸ਼ ਜ਼ਾਬਤੇ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ।

ਪਹਿਲੀ ਘਟਨਾ ਉਸ ਸਮੇਂ ਵਾਪਰੀ ਜਦ ਐਡਵਰਡਸ ਨੇ ਐੱਲ. ਬੀ. ਡਬਲਯੂ. ਆਊਟ ਦਿੱਤੇ ਜਾਣ ’ਤੇ ਅੰਪਾਇਰ ਨੂੰ ਆਪਣਾ ਬੱਲਾ ਦਿਖਾਇਆ। ਦੂਜੀ ਘਟਨਾ ’ਚ ਉਨ੍ਹਾਂ ਨੇ ਆਪਣੀ ਟੀਮ ਦੇ ਡਰੈਸਿੰਗ ਰੂਮ ਵੱਲ ਮੁੜਦੇ ਸਮੇਂ ਆਪਣਾ ਬੱਲਾ ਅਤੇ ਦਸਤਾਨੇ ਮੈਦਾਨ ’ਤੇ ਸੁੱਟ ਦਿੱਤੇ। ਪਾਬੰਦੀ ਅਨੁਸਾਰ ਉਨ੍ਹਾਂ ’ਤੇ ਮੈਚ ਫੀਸ ਦਾ 10 ਫੀਸਦੀ ਜੁਰਮਾਨਾ ਲਗਾਇਆ ਗਿਆ ਅਤੇ 2 ਡੀ-ਮੈਰਿਟ ਅੰਕ ਦਿੱਤੇ ਗਏ ਹਨ। ਉਸੇ ਮੈਚ ’ਚ ਮਹਿਮੂਦ ’ਤੇ ਮੈਚ ਫੀਸ ਦਾ 10 ਫੀਸਦੀ ਜੁਰਮਾਨਾ ਲਗਾਇਆ ਗਿਆ ਅਤੇ ਉਨ੍ਹਾਂ ਦੇ ਅਨੁਸ਼ਾਸਨਾਤਮਕ ਰਿਕਾਰਡ ’ਚ ਇਕ ਡੀ-ਮੈਰਿਟ ਅੰਕ ਜੋੜਿਆ ਗਿਆ ਕਿਉਂਕਿ ਉਨ੍ਹਾਂ ਖਿਡਾਰੀਆਂ ਅਤੇ ਖਿਡਾਰੀ ਸਹਾਇਕ ਮੁਲਾਜ਼ਮਾਂ ਲਈ ਆਈ. ਸੀ. ਸੀ. ਜ਼ਾਬਤੇ ਦੀ ਧਾਰਾ 2.2 ਦੀ ਉਲੰਘਣਾ ਕਰਦੇ ਪਾਇਆ ਗਿਆ। ਇਹ ਘਟਨਾ ਉਸ ਸਮੇਂ ਹੋਈ ਜਦ ਗੇਂਦਬਾਜ਼ (ਮਹਿਮੂਦ) ਨੇ ਬੱਲੇਬਾਜ਼ ਤੇਜਾ ਨਿਦਾਮਨੁਰੂ ਨੂੰ ਆਊਟ ਕੀਤਾ ਅਤੇ ਉਨ੍ਹਾਂ ਨੂੰ ਵਾਪਸ ਉਨ੍ਹਾਂ ਦੀ ਟੀਮ ਦੇ ਡਰੈਸਿੰਗ ਰੂਮ ਵੱਲ ਇਸ਼ਾਰਾ ਕਰ ਕੇ ਵਿਦਾ ਕੀਤਾ। ਓਮਾਨ ਅਤੇ ਨੀਦਰਲੈਂਡ ਵਿਚਾਲੇ ਤੀਜੇ ਟੀ-20 ਦੌਰਾਨ ਇਹ ਦੋਵੇਂ ਘਟਨਾਵਾਂ ਵਾਪਰੀਆਂ।

ਐਡਵਰਡਸ ਅਤੇ ਮਹਿਮੂਦ ਦੋਵਾਂ ਨੇ ਆਪਣੇ-ਆਪਣੇ ਅਪਰਾਧ ਮੰਨ ਲਏ ਅਤੇ ਆਈ. ਸੀ. ਸੀ. ਇੰਟਰਨੈਸ਼ਨਲ ਪੈਨਲ ਆਫ ਮੈਚ ਰੈਫਰੀ ਦੇ ਨਿਆਮੁਰ ਰਾਸ਼ਿਦ ਰਾਹੁਲ ਵੱਲੋਂ ਲਗਾਈ ਪਾਬੰਦੀ ਨੂੰ ਮੰਨ ਲਿਆ ਅਤੇ ਇਸ ਤਰ੍ਹਾਂ ਰਸਮੀ ਸੁਣਵਾਈ ਦੀ ਕੋਈ ਲੋੜ ਨਹੀਂ ਰਹੀ।

ਇਸ ਦੌਰਾਨ ਦੱਖਣੀ ਅਫਰੀਕਾ ਅਤੇ ਭਾਰਤ ਵਿਚਾਲੇ ਚੌਥੇ ਟੀ-20 ’ਚ ਗੇਰਾਲਡ ਕੋਏਤਜੀ ਨੂੰ ਖਿਡਾਰੀਆਂ ਅਤੇ ਖਿਡਾਰੀ ਸਹਾਇਕ ਮੁਲਾਜ਼ਮਾਂ ਲਈ ਆਦਰਸ਼ ਜ਼ਾਬਤੇ ਦੀ ਧਾਰਾ 2.8 ਦੀ ਉਲੰਘਣਾ ਕਰਦੇ ਹੋਏ ਪਾਇਆ ਗਿਆ। ਕੋਏਤਜੀ ਨੂੰ ਇਸ ਲਈ ਝਾੜ ਪਾਈ ਗਈ ਅਤੇ ਉਨ੍ਹਾਂ ਦੇ ਅਨੁਸ਼ਾਨਤਮਕ ਰਿਕਾਰਡ ’ਚ ਇਕ ਡੀ-ਮੈਰਿਟ ਅੰਕ ਜੋੜਿਆ ਗਿਆ।

ਧਾਰਾ 2.8 ‘ਕੌਮਾਂਤਰੀ ਮੈਚ ਦੌਰਾਨ ਅੰਪਾਇਰ ਦੇ ਫੈਸਲੇ ’ਤੇ ਸਹਿਮਤੀ ਨਾ ਜਤਾਉਣ’ ਨਾਲ ਸਬੰਧਤ ਹੈ ਜਦਕਿ ਧਾਰਾ 2.2 ‘ਕੌਮਾਂਤਰੀ ਮੈਚ ਦੌਰਾਨ ਕ੍ਰਿਕਟ ਸਾਮਾਨ ਜਾਂ ਕੱਪੜੇ, ਗ੍ਰਾਊਂਡ ਮਸ਼ੀਨਰੀ ਜਾਂ ਫਿਕਸਚਰ ਅਤੇ ਫਿਟਿੰਗ ਦੀ ਗਲਤ ਵਰਤੋਂ ਨਾਲ ਸਬੰਧਤ ਹੈ।


author

Tarsem Singh

Content Editor

Related News