ਦਿਲ ਦੇ ਆਪ੍ਰੇਸ਼ਨ ਤੋਂ ਬਾਅਦ ਸਾਬਕਾ ਆਲਰਾਊਂਡਰ ਕ੍ਰਿਸ ਕੇਰਨਸ ਨੂੰ ਲਾਈਫ਼ ਸਪੋਰਟ ਤੋਂ ਹਟਾਇਆ ਗਿਆ
Saturday, Aug 21, 2021 - 02:51 PM (IST)
ਸਿਡਨੀ (ਭਾਸ਼ਾ)– ਨਿਊਜ਼ੀਲੈਂਡ ਦੇ ਸਾਬਕਾ ਆਲਰਾਊਂਡਰ ਕ੍ਰਿਸ ਕੇਰਨਸ ਨੂੰ ਦਿਲ ਦੇ ਆਪ੍ਰੇਸ਼ਨ ਤੋਂ ਬਾਅਦ ਲਾਈਫ਼ ਸਪੋਰਟ ਤੋਂ ਹਟਾਇਆ ਗਿਆ ਹੈ। ਉਨ੍ਹਾਂ ਦੇ ਵਕੀਲ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਰਨਸ ਨੂੰ ਦਿਲ ਦੀ ਬੀਮਾਰੀ ਦੇ ਕਾਰਨ ਇਸ ਮਹੀਨੇ ਲਾਈਫ਼ ਸਪੋਰਟ ’ਤੇ ਰੱਖਿਆ ਗਿਆ ਸੀ। ਉਨ੍ਹਾਂ ਦੇ ਵਕੀਲ ਆਰੋਨ ਲਾਇਡ ਨੇ ਇਕ ਬਿਆਨ ਵਿਚ ਕਿਹਾ,'ਮੈਨੂੰ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਕ੍ਰਿਸ ਨੂੰ ਲਾਈਫ਼ ਸਪੋਰਟ ਤੋਂ ਹਟਾਇਆ ਜਾ ਚੁੱਕਾ ਹੈ। ਉਹ ਸਿਡਨੀ ਦੇ ਹਸਪਤਾਲ ਵਿਚ ਆਪਣੇ ਪਰਿਵਾਰ ਦੇ ਨਾਲ ਗੱਲ ਕਰ ਪਾ ਰਿਹਾ ਹਨ।' ਉਨ੍ਹਾਂ ਕਿਹਾ, 'ਉਹ ਅਤੇ ਉਨ੍ਹਾਂ ਦਾ ਪਰਿਵਾਰ ਉਨ੍ਹਾਂ ਸਾਰਿਆਂ ਤੋਂ ਮਿਲ ਰਹੀਆਂ ਸ਼ੁਭ ਕਾਮਨਾਵਾਂ ਅਤੇ ਸਮਰਥਨ ਲਈ ਧੰਨਵਾਦੀ ਹੈ। ਉਹ ਬੇਨਤੀ ਕਰਦੇ ਹਨ ਕਿ ਗੋਪਨੀਯਤਾ ਦਾ ਇਸੇ ਤਰ੍ਹਾਂ ਸਨਮਾਨ ਕੀਤਾ ਜਾਵੇ ਤਾਂ ਜੋ ਉਹ ਰਿਕਵਰੀ 'ਤੇ ਧਿਆਨ ਦੇ ਸਕਣ।'
ਕੇਰਨਸ ਨੇ ਨਿਊਜ਼ੀਲੈਂਡ ਵਲੋਂ 3320 ਟੈਸਟ ਤੇ 4950 ਵਨ ਡੇ ਕੌਮਾਂਤਰੀ ਦੌੜਾਂ ਬਣਾਈਆ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਖਾਤੇ ਵਿਚ 218 ਟੈਸਟ ਤੇ 201 ਵਨ ਡੇ ਵਿਕਟਾਂ ਵੀ ਦਰਜ ਹਨ। ਉਨ੍ਹਾਂ ਨੇ ਆਪਣਾ ਪਹਿਲਾ ਟੈਸਟ ਮੈਚ ਨਿਊਜ਼ੀਲੈਂਡ ਲਈ 1989 ਵਿਚ ਅਤੇ ਪਹਿਲਾ ਵਨਡੇ ਮੈਚ 1991 ਵਿਚ ਖੇਡਿਆ ਸੀ। ਕ੍ਰਿਸ ਕੇਰਨਸ ਨਿਊਜ਼ੀਲੈਂਡ ਲਈ ਦੋ ਟੀ -20 ਮੈਚ ਵੀ ਖੇਡ ਚੁੱਕੇ ਹਨ। ਉਨ੍ਹਾਂ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਫਰਵਰੀ 2006 ਵਿਚ ਖੇਡਿਆ ਸੀ। 51 ਸਾਲਾ ਕੇਰਨਸ 'ਤੇ ਮੈਚ ਫਿਕਸਿੰਗ ਦੇ ਦੋਸ਼ ਵੀ ਲੱਗੇ ਹਨ, ਹਾਲਾਂਕਿ ਉਹ ਕਈ ਕਾਨੂੰਨੀ ਲੜਾਈਆਂ ਤੋਂ ਬਾਅਦ ਬਰੀ ਹੋ ਗਏ ਸਨ। ਇਕ ਸਮਾਂ ਸੀ ਜਦੋਂ ਕੇਰਨਸ ਨੂੰ ਟਰੱਕ ਚਲਾ ਕੇ ਗੁਜ਼ਾਰਾ ਕਰਨਾ ਪੈਂਦਾ ਸੀ।