ਚਿੰਕੀ ਯਾਦਵ ਨੂੰ ਸੋਨਾ, ਭਾਰਤ ਨੇ ਮਹਿਲਾ 25 ਮੀਟਰ ਪਿਸਟਲ ਮੁਕਾਬਲੇ ’ਚ ਸਾਰੇ ਤਮਗੇ ਜਿੱਤੇ
Wednesday, Mar 24, 2021 - 06:55 PM (IST)
ਨਵੀਂ ਦਿੱਲੀ— ਚਿੰਕੀ ਯਾਦਵ ਨੇ ਬੁੱਧਵਾਰ ਇਥੇ ਤਜਰਬੇਕਾਰ ਰਾਹੀ ਸਰਨੋਬਤ ਨਾਲ ਮਨੂ ਭਾਕਰ ਨੂੰ ਪਛਾੜਦਿਆਂ ਸੋਨ ਤਮਗਾ ਆਪਣੇ ਨਾਂ ਕੀਤਾ, ਜਿਸ ਨਾਲ ਭਾਰਤ ਨੇ ਆਈ. ਐੱਸ. ਐੱਸ. ਐੱਫ. ਵਿਸ਼ਵ ਕੱਪ ਦੇ ਮਹਿਲਾ 25 ਮੀਟਰ ਪਿਸਟਲ ਮੁਕਾਬਲੇ ਵਿਚ ਤਿੰਨੋਂ ਤਮਗੇ ਜਿੱਤ ਲਏ। ਇਸ ਨਾਲ ਭਾਰਤ ਦੀ ਨਿਸ਼ਾਨੇਬਾਜ਼ੀ ਵਿਚ ਪ੍ਰਤਿਭਾ ਦੀ ਡੂੰਘਾਈ ਦਾ ਵੀ ਅੰਦਾਜ਼ਾ ਲੱਗ ਜਾਂਦਾ ਹੈ। 23 ਸਾਲਾ ਚਿੰਕੀ ਨੇ ਬਰਾਬਰ ਅੰਕਾਂ ਕਾਰਨ ਹੋਏ ਸ਼ੂਟ-ਆਫ਼ ਵਿਚ ਸਰਨੋਬਤ ਨੂੰ ਪਛਾੜ ਦਿੱਤਾ ਅਤੇ ਭਾਰਤ ਦੇ ਸੋਨ ਤਮਗਿਆਂ ਦੀ ਗਿਣਤੀ 9 ਕਰ ਦਿੱਤੀ।
ਇਹ ਵੀ ਪੜ੍ਹੋ : IPL 2021 ਐਂਥਮ ‘ਇੰਡੀਆ ਦਾ ਆਪਣਾ ਮੰਤਰਾ’ ਜਾਰੀ, ਰੋਹਿਤ-ਵਿਰਾਟ ਨੇ ਲਾਏ ਠੁਮਕੇ (ਵੀਡੀਓ)
19 ਸਾਲਾ ਮਨੂ ਨੇ ਡਾ. ਕਰਣੀ ਸਿੰਘ ਸ਼ੂਟਿੰਗ ਰੇਂਜ ’ਤੇ 28 ਅੰਕਾਂ ਨਾਲ ਕਾਂਸੀ ਤਮਗਾ ਹਾਸਲ ਕੀਤਾ। ਇਹ ਤਿੰਨੋਂ ਨਿਸ਼ਾਨੇਬਾਜ਼ ਟੋਕੀਓ ਓਲੰਪਿਕ ਲਈ ਪਹਿਲਾਂ ਹੀ ਕੋਟਾ ਹਾਸਲ ਕਰ ਚੁੱਕੀਆਂ ਹਨ। ਚਿੰਕੀ ਨੇ 2019 ਵਿਚ ਦੋਹਾ ਵਿਚ ਹੋਈ 14ਵੀਂ ਏਸ਼ੀਆਈ ਚੈਂਪੀਅਨਸ਼ਿਪ ਵਿਚ ਦੂਸਰੇ ਸਥਾਨ ਉਤੇ ਰਹਿ ਕੇ ਓਲੰਪਿਕ ਕੋਟਾ ਜਿੱਤਿਆ ਸੀ। ਪਹਿਲਾਂ 20 ਨਿਸ਼ਾਨਿਆਂ ਵਿਚ ਉਹ 14 ਦੇ ਸਕੋਰ ਨਾਲ ਅੱਗੇ ਚੱਲ ਰਹੀ ਸੀ। ਉਸ ਤੋਂ ਬਾਅਦ ਮਨੂ 13 ਅੰਕਾਂ ਨਾਲ ਦੂਸਰੇ ਸਥਾਨ ’ਤੇ ਸੀ। ਫਿਰ ਭੋਪਾਲ ਦੀ ਨਿਸ਼ਾਨੇਬਾਜ਼ ਨੇ 21 ਦੇ ਸਕੋਰ ਨਾਲ ਬਾਕੀਆਂ ’ਤੇ ਬੜ੍ਹਤ ਬਣਾ ਲਈ, ਜਿਸ ਤੋਂ ਬਾਅਦ ਤਜਰਬੇਕਾਰ ਸਰਨੋਬਤ ਨੇ ਵੀ ਵਾਪਸੀ ਕੀਤੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।