ਸ਼ਤਰੰਜ ਓਲੰਪਿਆਡ - ਦੂਜੇ ਦਿਨ ਪੁਰਸ਼ ਟੀਮ ਨੇ ਮੋਲਦੋਵਾ ਨੂੰ ਤੇ ਮਹਿਲਾ ਟੀਮ ਨੇ ਅਰਜਨਟੀਨਾ ਨੂੰ ਹਰਾਇਆ
Sunday, Jul 31, 2022 - 06:24 PM (IST)
ਮਾਮਲਲਾਪੁਰਮ, (ਨਿਕਲੇਸ਼ ਜੈਨ)– 44ਵੇਂ ਸ਼ਤਰੰਜ ਓਲੰਪਿਆਡ ਵਿਚ ਦੂਜੇ ਦਿਨ ਭਾਰਤੀ ਟੀਮ ਨੇ ਆਪਣੀ ਜਿੱਤ ਦੇ ਕ੍ਰਮ ਨੂੰ ਬਰਕਰਾਰ ਰੱਖਿਆ ਤੇ ਦੋਵੇਂ ਵਰਗਾਂ ਵਿਚ ਤਿੰਨੇ ਟੀਮਾਂ ਇਕ ਵਾਰ ਫਿਰ ਆਪਣਾ ਝੰਡਾ ਲਹਿਰਾਉਣ ਵਿਚ ਕਾਮਯਾਬ ਰਹੀਆਂ। ਪੁਰਸ਼ ਵਰਗ ਵਿਚ ਭਾਰਤ ਦੀ ਮੁੱਖ ਟੀਮ ਨੇ ਮੋਲਦੋਵਾ ਨੂੰ 3.5-0.5 ਦੇ ਫਰਕ ਨਾਲ ਹਰਾਇਆ। ਅੱਜ ਟੀਮ ਨੇ ਵਿਦਿਤ ਗੁਜਰਾਤੀ ਨੂੰ ਆਰਾਮ ਦਿੱਤਾ ਤੇ ਉਸਦੀ ਜਗ੍ਹਾ ਟੀਮ ਦੇ ਚੋਟੀ ਦੇ ਖਿਡਾਰੀ ਪੇਂਟਾਲਾ ਹਰਿਕ੍ਰਿਸ਼ਣਾ ਨੇ ਇਵਾਨ ਰਚੀਤੋਂ ਨੂੰ ਹਰਾਉਂਦੇ ਹੋਏ ਟੀਮ ਨੂੰ ਪਹਿਲੀ ਜਿੱਤ ਦਿਵਾਈ।
ਤੀਜੇ ਬੋਰਡ ’ਤੇ ਐੱਸ. ਐੱਲ. ਨਾਰਾਇਣਨ ਨੇ ਤੇ ਚੌਥੇ ਬੋਰਡ ’ਤੇ ਕ੍ਰਿਸ਼ਣਨ ਸ਼ਸ਼ੀਕਿਰਣ ਨੂੰ ਲਗਾਤਾਰ ਪ੍ਰਤੀਯੋਗਿਤਾ ਵਿਚ ਆਪਣੀ ਦੂਜੀ ਜਿੱਤ ਹਾਸਲ ਕੀਤੀ। ਹਾਲਾਂਕਿ ਦੂਜੇ ਬੋਰਡ ’ਤੇ ਭਾਰਤ ਦੇ ਅਰਜੁਨ ਐਰਗਾਸੀ ਨੂੰ ਆਂਦ੍ਰੇ ਮਾਕੋਵੀ ਨੇ ਅੱਧਾ ਅੰਕ ਵੰਡਣ ’ਤੇ ਮਜਬੂਰ ਕਰ ਦਿੱਤਾ। ਭਾਰਤ ਦੀ ਬੀ ਟੀਮ ਨੇ ਅੱਜ ਫਿਰ ਕਮਾਲ ਦਿਖਾਇਆ ਤੇ ਲਗਾਤਾਰ ਦੂਜੇ ਦਿਨ ਕਲੀਨ ਸਵੀਪ ਨਾਲ ਜਿੱਤ ਹਾਸਲ ਕੀਤੀ। ਟੀਮ ਲਈ ਅੱਜ ਗੁਕੇਸ਼, ਪ੍ਰਗਿਆਨੰਦਾ, ਅਧਿਬਨ ਤੇ ਰੌਣਕ ਨੇ ਮੁਕਾਬਲੇ ਆਪਣੇ ਨਾਂ ਕਰਦੇ ਹੋਏ ਐਸਤੋਨੀਆ ਨੂੰ 4-0 ਨਾਲ ਹਰਾਇਆ ਜਦਕਿ ਭਾਰਤ ਦੀ ਸੀ ਟੀਮ ਨੇ ਇਕ ਮੁਸ਼ਕਿਲ ਮੁਕਾਬਲੇ ਵਿਚ ਮੈਕਸੀਕੋ ਨੂੰ 2.5-1.5 ਨਾਲ ਜਿੱਤਣ ਵਿਚ ਕਾਮਯਾਬੀ ਹਾਸਲ ਕੀਤੀ।
ਮਹਿਲਾ ਵਰਗ ਵਿਚ ਭਾਰਤ ਨੇ ਅੱਜ ਅਰਜਨਟੀਨਾ ਨੂੰ 3.5-1.5 ਨਾਲ ਹਰਾਉਂਦੇ ਹੋਏ ਆਪਣੀ ਲੈਅ ਨੂੰ ਬਰਕਰਾਰ ਰੱਖਿਆ। ਟੀਮ ਲਈ ਵੈਸ਼ਾਲੀ ਆਰ., ਭਗਤੀ ਕੁਲਕਰਨੀ, ਤਾਨੀਆ ਸਚਦੇਵਾ ਨੇ ਜਿੱਤ ਦਰਜ ਕੀਤੀ ਜਦਕਿ ਹੰਪੀ ਦਾ ਮੈਚ ਮਰਿਸਾ ਜੂਏਲਾ ਦੇ ਨਾਲ ਡਰਾਅ ਖੇਡਿਆ ਗਿਆ। ਭਾਰਤ ਦੀ ਬੀ ਟੀਮ ਨੇ ਲਤਾਵੀਆ ਨੂੰ 3.5-1.5 ਨਾਲ ਤੇ ਟੀਮ ਸੀ ਨੇ ਸਿੰਗਾਪੁਰ ਨੂੰ 3-1 ਨਾਲ ਹਰਾਇਆ। ਹੋਰਨਾਂ ਮੁਕਾਬਲਿਆਂ ਵਿਚ ਯੂਕ੍ਰੇਨ ਨੇ ਤੁਰਕੀ ਨੂੰ 3-1 ਨਾਲ, ਜਾਰਜੀਆ ਨੇ ਲਿਥੂਆਨੀਆ ਨੂੰ 2.5-1.5 ਨਾਲ ਹਰਾਇਆ।